ਫ਼ਾਜ਼ਿਲਕਾ ਦੇ ਸਕੂਲ ਦੀ ਟੁੱਟੀ ਛੱਤ ਤੋਂ ਲੈ ਕੇ ਬੋਰਡ ’ਤੇ ਸਪੈਲਿੰਗ ਗ਼ਲਤੀਆਂ ਤੱਕ!
ਸਕੂਲਾਂ ਦੀ ਹਾਲਤ ਨੂੰ ਲੈਕੇ ਵਿਰੋਧੀਆਂ ਦੇ ਹਰ ਸਵਾਲ ਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਲਗਾਤਾਰ ਜਵਾਬ ਦੇ ਰਹੇ ਹਨ।
25 ਅਗਸਤ, 2026 – ਚੰੜੀਗੜ੍ਹ: ਪੰਜਾਬ ਦੇ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਲੈ ਕੇ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਸੋਸ਼ਲ ਮੀਡੀਆ ’ਤੇ ਇੱਕ ਵੱਡੀ ਜੰਗ ਛਿੜ ਗਈ ਹੈ। ਇਸ ਪੂਰੇ ਵਿਵਾਦ ਦੀ ਸ਼ੁਰੂਆਤ ਫ਼ਾਜ਼ਿਲਕਾ ਦੇ ਇੱਕ ਬਿਨਾਂ ਛੱਤ ਵਾਲੇ ਸਕੂਲ ਦੀ ਖ਼ਬਰ ਨਾਲ ਹੋਈ, ਜੋ ਹੁਣ ਸਿਆਸੀ ਇਲਜਾਮਤਰਾਸ਼ੀਆਂ ਦੇ ਇੱਕ ਨਵੇਂ ਦੌਰ ਵਿੱਚ ਬਦਲ ਚੁੱਕੀ ਹੈ।
ਫ਼ਾਜ਼ਿਲਕਾ ਦੇ ਬਿਨਾਂ ਛੱਤ ਵਾਲੇ ਸਕੂਲ ਤੋਂ ਸ਼ੁਰੂ ਹੋਇਆ ਵਿਵਾਦ
ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਦੀ ਖ਼ਬਰ ਸਾਹਮਣੇ ਆਈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU), ਦਿੱਲੀ ਦੇ ‘ਸਪੈਸ਼ਲ ਸੈਂਟਰ ਫਾਰ ਮੋਲੀਕਿਊਲਰ ਮੈਡੀਸਨ’ ਦੇ ਪ੍ਰੋਫੈਸਰ ਡਾ. ਆਨੰਦ ਰੰਗਨਾਥਨ ਨੇ ਇੱਕ ਅਖ਼ਬਾਰ ਦੀ ਖ਼ਬਰ ਸਾਂਝੀ ਕੀਤੀ। ਇਸ ਖ਼ਬਰ ਵਿੱਚ ਬੱਚੇ ਬਿਨਾਂ ਛੱਤ ਤੋਂ, ਖੁੱਲ੍ਹੇ ਅਸਮਾਨ ਹੇਠਾਂ ਬੈਠ ਕੇ ਪੜ੍ਹਨ ਲਈ ਮਜਬੂਰ ਦਿਖਾਈ ਦੇ ਰਹੇ ਸਨ। ਇਸ ਨੂੰ ਲੈ ਕੇ ਵਿਰੋਧੀਆਂ ਵੱਲੋਂ ‘ਆਪ’ ਸਰਕਾਰ ਦੇ ਸਿੱਖਿਆ ਮਾਡਲ ‘ਤੇ ਤਿੱਖੇ ਸਵਾਲ ਚੁੱਕੇ ਗਏ।
ਹਰਜੋਤ ਬੈਂਸ ਨੇ ਸਾਂਝੀ ਕੀਤੀ ਤਾਜ਼ਾ ਹਾਲਾਤ ਦੀ ਤਸਵੀਰ
ਵਿਰੋਧੀਆਂ ਦੇ ਹਮਲੇ ਦਾ ਜਵਾਬ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਤੁਰੰਤ ਉਸੇ ਸਕੂਲ ਦੇ ਤਾਜ਼ਾ ਹਲਾਤ ਬਿਆਨ ਕਰਦੀ ਤਸਵੀਰ ਸਾਂਝੀ ਕੀਤੀ। ਬੈਂਸ ਨੇ ਸਪੱਸ਼ਟ ਕੀਤਾ ਕਿ ਸਕੂਲ ਵਿੱਚ ਨਵੇਂ ਕਮਰਿਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
ਨਵੀਂ ਤਸਵੀਰ ’ਚ ਵਿਰੋਧੀਆਂ ਨੇ ਲੱਭੇ ‘ਸਪੈਲਿੰਗ ਮਿਸਟੇਕ’
ਸਿੱਖਿਆ ਮੰਤਰੀ ਵੱਲੋਂ ਸਾਂਝੀ ਕੀਤੀ ਗਈ ਇਸ ਨਵੀਂ ਤਸਵੀਰ ਨੇ ਵਿਵਾਦ ਨੂੰ ਹੋਰ ਵਧਾ ਦਿੱਤਾ। ਭਾਜਪਾ ਦੇ ਆਈ.ਟੀ. ਸੈੱਲ ਦੇ ਸਾਬਕਾ ਮੁਖੀ ਅਮਿਤ ਮਾਲਵੀਆ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸਿੱਖਿਆ ਮੰਤਰੀ ਵੱਲੋਂ ਪੋਸਟ ਕੀਤੀ ਕਲਾਸਰੂਮ ਦੀ ਤਸਵੀਰ ਨੂੰ ਜ਼ੂਮ ਕਰਕੇ ਉਸ ਵਿੱਚ ਲਿਖੀਆਂ ਸਪੈਲਿੰਗਾਂ ਦੀਆਂ ਗ਼ਲਤੀਆਂ ਨੂੰ ਫੜ ਲਿਆ। ਬੋਰਡ ਉੱਤੇ ਅੰਗਰੇਜ਼ੀ ਦੇ ਸ਼ਬਦ ‘Deer’ ਦੀ ਥਾਂ ‘Dear’ ਅਤੇ ‘Vegetables’ ਦੀ ਥਾਂ ‘Vegitables’ ਲਿਖਿਆ ਹੋਇਆ ਸੀ। ਅਮਿਤ ਮਾਲਵੀਆ ਨੇ ਤੰਜ਼ ਕੱਸਦਿਆਂ ਐਕਸ ‘ਤੇ ਲਿਖਿਆ: “ਸਿੱਖਿਆ ਪ੍ਰਤੀ ਅਜਿਹੀ ਵਚਨਬੱਧਤਾ! ਪੰਜਾਬ ਦੇ ਸਿੱਖਿਆ ਮੰਤਰੀ ਨੇ ਇੱਕ ਸਕੂਲ ਦੀ ਤਸਵੀਰ ਪੋਸਟ ਕੀਤੀ ਹੈ ਜਿੱਥੇ ਬੋਰਡ ਖ਼ੁਦ ਸਿੱਖਿਆ ਦੀ ਹਾਲਤ ਨੂੰ ਬਿਆਨ ਕਰ ਰਿਹਾ ਹੈ। ਜਦੋਂ ਬੁਨਿਆਦੀ ਅੰਗਰੇਜ਼ੀ ਦੇ ਸਪੈਲਿੰਗ ਹੀ ਸਕੂਲ ਬੋਰਡ ‘ਤੇ ਗ਼ਲਤ ਹਨ, ਤਾਂ ਸ਼ਾਇਦ ‘ਆਪ’ ਸਰਕਾਰ ਨੂੰ ਫ਼ੋਟੋ-ਸ਼ੂਟ ਅਤੇ ਪ੍ਰਚਾਰ ਦੀ ਬਜਾਏ ਪੰਜਾਬ ਵਿੱਚ ਸਿੱਖਿਆ ਦੇ ਮਿਆਰ ‘ਤੇ ਧਿਆਨ ਦੇਣਾ ਚਾਹੀਦਾ ਹੈ।”
ਅਕਾਲੀ ਦਲ ਨੇ ਘੇਰੀ ਸਰਕਾਰ
ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਮਾਮਲੇ ’ਤੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਸਿੱਖਿਆ ਮੰਤਰੀ ਨੂੰ ਕਰੜੇ ਹੱਥੀਂ ਲਿਆ। ਅਕਾਲੀ ਦਲ ਨੇ ਆਪਣੇ ਅਧਿਕਾਰਤ ਐਕਸ (X) ਹੈਂਡਲ ’ਤੇ ਲਿਖਿਆ: “ਜੇਕਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਇਹੀ ਪੜ੍ਹਾਇਆ ਜਾ ਰਿਹਾ ਹੈ, ਤਾਂ ਕੋਈ ਹੈਰਾਨੀ ਦੀ ਗੱਲ ਨਹੀਂ ਕਿ 2022 ਤੋਂ ਹੁਣ ਤੱਕ 6 ਲੱਖ ਤੋਂ ਵੱਧ ਵਿਦਿਆਰਥੀ ਸਰਕਾਰੀ ਸਕੂਲਾਂ ਵਿੱਚੋਂ ਡਰਾਪ-ਆਊਟ ਕਰ ਚੁੱਕੇ ਹਨ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਦਿਮਾਗ ’ਤੇ ਸਾਫ਼ ਤੌਰ ’ਤੇ ਧੁੰਦ ਛਾਈ ਹੋਈ ਦਿਖ ਰਹੀ ਹੈ। ਸ਼ਾਇਦ ਉਨ੍ਹਾਂ ਨੂੰ ਸਹੀ ‘VEGITABLES’ ਖਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ! ‘DEER’ ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ ਜੀ, ਹੁਣ ਜਦੋਂ ਆਮ ਆਦਮੀ ਪਾਰਟੀ ਪੰਜਾਬ ਦਾ ‘ਸਿੱਖਿਆ ਘੁਟਾਲਾ‘ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕਾ ਹੈ, ਤਾਂ ਕਿਰਪਾ ਕਰਕੇ ਆਪਣੇ ਕੀਮਤੀ ਸੁਝਾਅ ਸਾਂਝੇ ਕਰੋ। ਤੁਹਾਡੇ ਇੱਥੋਂ ਦੇ ਕਠਪੁਤਲੀ ਆਗੂ ਸੰਘਰਸ਼ ਕਰ ਰਹੇ ਹਨ ਅਤੇ ਇੱਕ ਤੋਂ ਬਾਅਦ ਇੱਕ ਪੀਆਰ ਗ਼ਲਤੀਆਂ ਕਰ ਰਹੇ ਹਨ।”
ਸਿੱਖਿਆ ਮੰਤਰੀ ਨੇ ਇੱਕ-ਇੱਕ ਕਰਕੇ ਸਾਰਿਆਂ ਨੂੰ ਦਿੱਤਾ ਜਵਾਬ
ਇਨ੍ਹਾਂ ਸਾਰੇ ਸਵਾਲਾਂ ਅਤੇ ਤੰਜ਼ਾਂ ਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬਹੁਤ ਹੀ ਹਮਲਾਵਰ ਅੰਦਾਜ਼ ਵਿੱਚ ਇੱਕ-ਇੱਕ ਕਰਕੇ ਜਵਾਬ ਦਿੱਤਾ। ਉਨ੍ਹਾਂ ਟਵੀਟ ਕਰਦਿਆਂ ਲਿਖਿਆ: “ਤੁਹਾਡੀ ਚਿੰਤਾ ਲਈ ਧੰਨਵਾਦ, ਅਮਿਤ ਜੀ, ਬਾਦਲ ਸਾਹਿਬ ਅਤੇ ਹੋਰ। ਪਹਿਲਾਂ ਤੁਹਾਡੀ ਆਈ.ਟੀ. ਸੈੱਲ ਨੇ ਪੁਰਾਣੀਆਂ ਵੀਡੀਓਜ਼ ਅਤੇ ਪੁਰਾਣੀਆਂ ਖ਼ਬਰਾਂ ਲੱਭੀਆਂ ਕਿਉਂਕਿ ਤੁਸੀਂ ਸਾਰੇ ਪੰਜਾਬ ਨੂੰ ਨਫ਼ਰਤ ਕਰਦੇ ਹੋ—ਤੁਸੀਂ ਸਾਰੇ ਪੰਜਾਬ-ਵਿਰੋਧੀ ਹੋ। ਹੁਣ ਤੁਸੀਂ ਕਲਾਸਰੂਮ ਦੇ ਇੱਕ ਪੋਸਟਰ ‘ਤੇ ਜ਼ੂਮ ਕਰ ਲਿਆ ਹੈ। ਮੈਨੂੰ ਖੁਸ਼ੀ ਹੈ ਕਿ ਪੰਜਾਬ ਦੇ ਸਕੂਲਾਂ ਵੱਲ ਤੁਹਾਡਾ ਪੂਰਾ ਧਿਆਨ ਹੈ।”
ਬੈਂਸ ਨੇ ਅੱਗੇ ਅੰਕੜੇ ਪੇਸ਼ ਕਰਦੇ ਹੋਏ ਲਿਖਿਆ: “ਜਦੋਂ ਤੋਂ ਤੁਸੀਂ ਸਪੈਲਿੰਗ ਗ਼ਲਤੀਆਂ ਗਿਣ ਰਹੇ ਹੋ—ਇੱਥੇ ਕੁਝ ਅਸਲ ਅੰਕੜੇ ਹਨ: ਪੰਜਾਬ ਹੁਣ ਨੀਤੀ ਆਯੋਗ ਸਕੂਲ ਸਿੱਖਿਆ ਗੁਣਵੱਤਾ ਸੂਚਕਾਂਕ 2026 ਵਿੱਚ 27ਵੇਂ ਸਥਾਨ ਤੋਂ ਉੱਠ ਕੇ ਕੇਰਲਾ ਨੂੰ ਪਛਾੜਦਾ ਹੋਇਆ ਨੰਬਰ 1 ‘ਤੇ ਹੈ। 19,000+ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ, ਹਜ਼ਾਰਾਂ ਨਵੇਂ ਕਲਾਸਰੂਮ ਬਣਾਏ ਗਏ ਹਨ, ਜਿਹੜੇ ਵਿਦਿਆਰਥੀ ਕਦੇ ਜ਼ਮੀਨ ‘ਤੇ ਬੈਠਦੇ ਸਨ, ਉਨ੍ਹਾਂ ਨੂੰ ਡੈਸਕ ਦਿੱਤੇ ਗਏ ਹਨ। ਪਰ ਤੁਸੀਂ ਇਸ ਬਾਰੇ ਕਦੇ ਇੱਕ ਸ਼ਬਦ ਵੀ ਨਹੀਂ ਬੋਲੋਗੇ, ਕਿਉਂਕਿ ਤੁਸੀਂ ਸਿਰਫ਼ ‘ਉਡਤਾ ਪੰਜਾਬ‘ ਚਾਹੁੰਦੇ ਹੋ, ‘ਪੜ੍ਹਦਾ ਪੰਜਾਬ‘ ਨਹੀਂ।”
ਉਨ੍ਹਾਂ ਵਿਰੋਧੀਆਂ ਨੂੰ ਚੁਣੌਤੀ ਦਿੰਦੇ ਹੋਏ ਅਖੀਰ ਵਿੱਚ ਕਿਹਾ: “ਮੈਨੂੰ ਇਹ ਪਸੰਦ ਆ ਰਿਹਾ ਹੈ—ਪੰਜਾਬ ਲਈ ਤੁਹਾਡੀ ਨਫ਼ਰਤ ਹੀ ਮੇਰੀ ਪ੍ਰੇਰਣਾ ਹੈ। ਪੋਸਟਰਾਂ ‘ਤੇ ਜ਼ੂਮ ਕਰਨਾ ਜਾਰੀ ਰੱਖੋ। ਅਸੀਂ ਸਕੂਲਾਂ ਨੂੰ ਠੀਕ ਕਰਦੇ ਰਹਾਂਗੇ—ਇਮਾਰਤਾਂ, ਬੋਰਡ, ਸਪੈਲਿੰਗ ਅਤੇ ਨਤੀਜੇ, ਸਭ ਕੁਝ। ਸਿੱਖਿਆ ਸਾਡੇ ਲਈ ਕੋਈ ਫ਼ੋਟੋ-ਸ਼ੂਟ ਨਹੀਂ ਹੈ, ਇਹ ਇੱਕ ਮਿਸ਼ਨ ਅਤੇ ਮੇਰਾ ਜਨੂੰਨ ਹੈ।”
ਹਰਭਜਨ ਸਿੰਘ ਦੀ ਵਾਇਰਲ ਵੀਡੀਓ ਵੀ ਨਿਕਲੀ ਸੀ ਪੁਰਾਣੀ
ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਪੁਰਾਣੇ ਵੇਰਵਿਆਂ ਦੇ ਅਧਾਰ ‘ਤੇ ਸਿਆਸਤ ਗਰਮਾਈ ਹੋਵੇ। ਕੁਝ ਦਿਨ ਪਹਿਲਾਂ ਹੀ ਭਾਜਪਾ ਦੇ ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਵੀ ਸੋਸ਼ਲ ਮੀਡੀਆ ‘ਤੇ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਜੱਲਾ ਸਥਿਤ ਇੱਕ ਸਰਕਾਰੀ ਸਕੂਲ ਦੇ ਟਾਇਲਟਾਂ ਦੀ ਖ਼ਸਤਾ ਹਾਲਤ ਦੀ ਵੀਡੀਓ ਸਾਂਝੀ ਕਰਕੇ ਸਰਕਾਰ ਨੂੰ ਘੇਰਿਆ ਸੀ। ਪਰ ਜਦੋਂ ਉਸ ਵੀਡੀਓ ਦੀ ਜਾਂਚ ਕੀਤੀ ਗਈ ਤਾਂ ਉਹ ਸਾਲ 2018 ਦੀ ਨਿਕਲੀ, ਜਦੋਂ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਸੀ। ਉਸ ਸਮੇਂ ਵੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਖ਼ੁਦ ਸਕੂਲ ਦਾ ਅਚਾਨਕ ਦੌਰਾ ਕਰਕੇ ਮੌਜੂਦਾ ਹਾਲਾਤ ਦੀ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿੱਚ ਸਮਾਰਟ ਬੋਰਡ, ਸਾਫ਼ ਪਾਣੀ ਅਤੇ ਆਧੁਨਿਕ ਟਾਇਲਟਾਂ ਦੀ ਸਹੂਲਤ ਵਿਖਾਈ ਗਈ ਸੀ।
ETV BHARAT