ਖੰਡ, ਤੇਲ ਤੋਂ ਬਾਅਦ ਪਿਆਜ਼ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ ਜਿਸ ਕਾਰਨ ਆਮ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
25 ਅਗਸਤ, 2026, ਲੁਧਿਆਣਾ: ਇੱਕ ਪਾਸੇ ਜਿੱਥੇ ਚੀਨੀ ਨੇ ਤਿਉਹਾਰਾਂ ਦੀ ਮਿਠਾਸ ਘਟਾ ਦਿੱਤੀ ਹੈ ਅਤੇ ਸਰੋਂ ਦਾ ਤੇਲ ਮਹਿੰਗਾ ਹੋ ਗਿਆ ਹੈ। ਉੱਥੇ ਹੀ ਪਿਆਜ਼ ਯਾਨੀ ਗੰਢਿਆਂ ਨੇ ਵੀ ਲੋਕਾਂ ਦੇ ਹੰਝੂ ਕਢਾਉਣੇ ਸ਼ੁਰੂ ਕਰ ਦਿੱਤੇ ਹਨ। ਗੰਢਿਆਂ ਦਾ ਮੰਡੀ ਦੇ ਵਿੱਚ 42 ਤੋਂ 45 ਰੁਪਏ ਪ੍ਰਤੀ ਕਿੱਲੋ ਥੋਕ ਦਾ ਰੇਟ ਚੱਲ ਰਿਹਾ ਹੈ ਜਦੋਂ ਕਿ ਪ੍ਰਚੂਨ ਦੇ ਵਿੱਚ ਇਸ ਦੀ ਕੀਮਤ 60 ਰੁਪਏ ਦੇ ਨੇੜੇ-ਤੇੜੇ ਪਹੁੰਚ ਚੁੱਕੀ ਹੈ। 15 ਤੋਂ 20 ਫੀਸਦੀ ਫਸਲ ਘੱਟ ਹੋਣ ਕਰਕੇ ਡਿਮਾਂਡ ਵਧ ਗਈ ਹੈ ਅਤੇ ਇਸ ਕਰਕੇ ਕੀਮਤਾਂ ਦੇ ਵਿੱਚ ਵਾਧਾ ਵੇਖਣ ਨੂੰ ਮਿਲ ਰਿਹਾ।
“ਪੂਰੇ ਹਿੰਦੁਸਤਾਨ ਵਿੱਚ ਪਿਆਜ਼ ਦੀ ਸਪਲਾਈ ਮਹਾਰਾਸ਼ਟਰ ਤੋਂ ਹੁੰਦੀ ਹੈ। ਜੇਕਰ ਉੱਥੇ ਹੀ ਪਿਆਜ਼ ਘਟੇਗਾ ਤਾਂ ਇਸਦਾ ਅਸਰ ਹੋਣੀ ਲਾਜ਼ਮੀ ਹੈ। ਮੰਡੀ ਵਿੱਚ ਥੋਕ ਦਾ ਰੇਟ 35 ਤੋਂ 45 ਰੁਪਏ ਹੈ। ਲੋਕਾਂ ਦੇ ਘਰਾਂ ਤੱਕ ਪਹੁੰਚਦੇ ਸਮੇਂ ਇਸ ਦੀ ਕੀਮਤ ਹੋਰ ਵਧ ਜਾਵੇਗੀ। ਕੁਆਲਟੀ ਅਤੇ ਫਸਲ ਘੱਟ ਆ ਰਹੀ ਹੈ ਇਸੇ ਕਰਕੇ ਹੀ ਕੀਮਤ ਵਧੀ ਹੈ।”–ਗੁਰਵਿੰਦਰ ਸਿੰਘ, ਥੋਕ ਵਪਾਰੀ
ਗੰਢੇ ਕਿਉਂ ਹੋਏ ਮਹਿੰਗੇ ?
ਪਿਆਜ਼ ਦੇ ਥੋਕ ਦੇ ਵਪਾਰੀਆਂ ਨੇ ਦੱਸਿਆ ਕਿ “ਜ਼ਿਆਦਾਤਰ ਗੰਢੇ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਤੋਂ ਹੀ ਉੱਤਰ ਭਾਰਤ ਦੇ ਵਿੱਚ ਸਪਲਾਈ ਹੁੰਦਾ ਹੈ। ਲਗਾਤਾਰ ਪਿਛਲੇ ਤਿੰਨ ਸਾਲਾਂ ਤੋਂ ਫਸਲ ਘੱਟ ਨਿੱਕਲ ਰਹੀ ਹੈ। ਜਿਸ ਕਾਰਨ ਬੇਮੌਸਮੀ ਬਰਸਾਤ ਜਾਂ ਤਾਂ ਲੋੜ ਨਾਲੋਂ ਜ਼ਿਆਦਾ ਜਾਂ ਫਿਰ ਘੱਟ ਪੈਣ ਕਰਕੇ ਫਸਲ ‘ਤੇ ਇਸ ਦਾ ਅਸਰ ਪੈ ਰਿਹਾ ਹੈ। ਜਿਸ ਕਰਕੇ ਫਸਲ ਦੀ ਪੈਦਾਵਾਰ ਘੱਟ ਹੋ ਗਈ ਹੈ ਇਹੀ ਕਾਰਨ ਹੈ ਕਿ ਡਿਮਾਂਡ ਵੱਧ ਪੈਦਾਵਾਰ ਘੱਟਣ ਕਰਕੇ ਇਸ ਦੀਆਂ ਕੀਮਤਾਂ ਦੇ ਵਿੱਚ ਇਜਾਫਾ ਵੇਖਣ ਨੂੰ ਮਿਲ ਰਿਹਾ ਹੈ। ਜੇਕਰ ਵਪਾਰੀ ਸਾਡੇ ਕੋਲੋਂ 42 ਰੁਪਏ ਤੋਂ ਲੈ ਕੇ 45 ਰੁਪਏ ਕਿੱਲੋ ਤੱਕ ਲੈ ਜਾ ਰਹੇ ਨੇ ਤਾਂ ਇਸ ਦੀ ਕੀਮਤ ਆਮ ਘਰਾਂ ਤੱਕ ਪਹੁੰਚਦੇ ਹੋਏ 55 ਰੁਪਏ ਤੋਂ ਲੈ ਕੇ 60 ਰੁਪਏ ਪ੍ਰਤੀ ਕਿਲੋ ਤੱਕ ਵੀ ਪਹੁੰਚ ਸਕਦੀ ਹੈ।”
ਗੰਢੇ ਹੋਰ ਕਢਵਾਉਣਗੇ ਹੱਝੂ ?
ਇਸ ਦੌਰਾਨ ਵਪਾਰੀਆਂ ਨੇ ਦੱਸਿਆ ਕਿ “ਆਉਂਦੇ ਦਿਨਾਂ ਦੇ ਵਿੱਚ ਕੀਮਤਾਂ ਹੋਰ ਤਿੰਨ ਰੁਪਏ ਤੋਂ ਲੈ ਕੇ ਪੰਜ ਰੁਪਏ ਤੱਕ ਵਧਣ ਦੀ ਸਾਨੂੰ ਉਮੀਦ ਹੈ ਕਿਉਂਕਿ ਸਰਕਾਰ ਦਾ ਆਪਣਾ ਵੀ ਸਟੋਕ ਇਸ ਵਿੱਚ ਰੱਖਿਆ ਹੁੰਦਾ ਹੈ ਅਤੇ ਜੇਕਰ ਕੀਮਤਾਂ ਜ਼ਿਆਦਾ ਵਧੀਆ ਤਾਂ ਸਰਕਾਰ ਫਿਰ ਆਪਣਾ ਸਟੋਕ ਵੀ ਕੱਢਣਾ ਸ਼ੁਰੂ ਕਰ ਦਿੰਦੀ ਹੈ। ਚੰਗੀ ਗੁਣਵੱਤਾ ਵਾਲਾ ਪਿਆਜ਼ ਵੀ ਘੱਟ ਆ ਰਿਹਾ ਹੈ। ਜਿਹੜਾ ਪਿਆਜ਼ ਚੰਗੀ ਕੁਆਲਿਟੀ ਦਾ ਹੈ ਉਸ ਦੀ ਕੀਮਤ 50 ਰੁਪਏ ਪ੍ਰਤੀ ਕਿੱਲੋ ਥੋਕ ਦਾ ਰੇਟ ਹੈ। ਇਹੀ ਕਾਰਨ ਹੈ ਕਿ ਫਸਲ ਖਰਾਬ ਹੋਣ ਕਰਕੇ ਕੀਮਤਾਂ ਦੇ ਵਿੱਚ ਕਾਫੀ ਵਾਧਾ ਵੇਖਣ ਨੂੰ ਮਿਲ ਰਿਹਾ। ਸਾਨੂੰ ਉਮੀਦ ਹੈ ਕਿ ਸ਼ਾਇਦ ਸਰਕਾਰ ਕੋਈ ਇਸ ਵਿੱਚ ਰਾਹਤ ਦੇਵੇਗੀ। ਜੇਕਰ ਸਰਕਾਰ ਆਪਣਾ ਸਟੋਕ ਕੱਢਦੀ ਹੈ ਤਾਂ ਕੀਮਤਾਂ 10 ਰੁਪਏ ਪ੍ਰਤੀ ਕਿਲੋ ਤੱਕ ਹੇਠਾਂ ਆ ਸਕਦੀਆਂ ਹਨ।”
“ਫਸਲ ਘੱਟ ਹੋਣ ਕਾਰਨ ਹੀ ਪਿਆਜ਼ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।ਪਿਆਜ਼ ਦੀ ਕੀਮਤ ਆਉਂਦੇ ਦਿਨਾਂ ਵਿੱਚ ਹੋਰ ਵੀ ਵਧ ਸਕਦੀ ਹੈ। ਵਿਕਰੀ ਪਿਆਜ਼ ਦੀ ਘੱਟ ਹੋ ਚੁੱਕੀ ਹੈ। ਲੋਕ ਸੋਚ ਸਮਝ ਕੇ ਗੰਢੇ ਖਰੀਦਦੇ ਹਨ।”–ਪਿਆਜ਼ ਵਪਾਰੀ, ਲੁਧਿਆਣਾ ਥੋਕ ਮੰਡੀ
ETV BHARAT