ਕਰਮਚਾਰੀਆਂ ਦੀ ਹੜਤਾਲ ਜਾਰੀ, ਭੜਕੇ ਕਾਂਗਰਸੀ ਵਿਧਾਇਕ
ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ “ਮੈਂ ਆਪਣੇ ਸਮੇਂ ਵਿੱਚ ਇੰਨੀ ਨਲਾਇਕ ਸਰਕਾਰ ਨਹੀਂ ਦੇਖੀ।”
25 ਅਗਸਤ, 2026 – ਜਲੰਧਰ: ਜਲੰਧਰ ਵਿੱਚ ਨਗਰ ਨਿਗਮ ਕਰਮਚਾਰੀਆਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਅੱਜ 5ਵੇਂ ਦਿਨ ਵੀ ਜਾਰੀ ਹੈ। ਹੜਤਾਲ ਕਾਰਨ ਪੂਰੇ ਸ਼ਹਿਰ ਦੀ ਸਫ਼ਾਈ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਮੁੱਖ ਸੜਕਾਂ ਤੋਂ ਲੈ ਕੇ ਰਿਹਾਇਸ਼ੀ ਇਲਾਕਿਆਂ ਤੱਕ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਹਾਲ ਹੀ ਵਿੱਚ ਹੋਈ ਬਾਰਿਸ਼ ਤੋਂ ਬਾਅਦ ਹਾਲਾਤ ਹੋਰ ਵੀ ਗੰਭੀਰ ਹੋ ਗਏ ਹਨ ਅਤੇ ਸ਼ਹਿਰ ਵਿੱਚ ਬਿਮਾਰੀਆਂ ਫੈਲਣ ਦਾ ਖ਼ਤਰਾ ਵਧ ਗਿਆ ਹੈ। ਯੂਨੀਅਨ ਦੇ ਚੇਅਰਮੈਨ ਹੀਰੋ ਸਭਰਵਾਲ ਨੇ ਸ਼ਹਿਰ ਦੀ ਮੌਜੂਦਾ ਸਥਿਤੀ ਲਈ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਸਥਿਤੀ ‘ਤੇ ਚਿੰਤਾ ਪ੍ਰਗਟ ਕੀਤੀ ਅਤੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।
ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਘੇਰੀ ‘ਆਪ ਸਰਕਾਰ‘
ਸ਼ਹਿਰ ਦੀ ਵਿਗੜਦੀ ਸਫਾਈ ਸਥਿਤੀ ਦਾ ਵਿਰੋਧ ਕਰਦਿਆਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ “ਅਰਬਨ ਅਸਟੇਟ ਫੇਜ਼ 2 ਵਿੱਚ ਸ਼ਹਿਰ ਦੀ ਵਿਗੜਦੀ ਸਫਾਈ ਸਥਿਤੀ ਦਾ ਵਿਰੋਧ ਕਰਦਿਆਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਜੋ ਹਾਲਾਤ ਬਣ ਗਏ ਹਨ, ਉਹ ਬਹੁਤ ਹੀ ਬੁਰ੍ਹੇ ਹਨ। ਪੰਜਾਬ ਵਿੱਚ ਪੈਨਸ਼ਨਰ, ਸਫਾਈ ਕਰਮਚਾਰੀ, ਟੀਚਰਜ਼ ਸਾਰੇ ਹੀ ਹੜਤਾਲਾਂ ‘ਤੇ ਬੈਠੇ ਹਨ। ਜਿਸ ਤਰ੍ਹਾਂ ਬਰਨਾਲਾ ਸਿਵਲ ਸੁਸਾਇਟੀ ਹਾਈਕੋਰਟ ਚਲੀ ਗਈ, ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਹਾਈਕੋਰਟ ਹੀ ਜਾਣਾ ਤਾਂ ਇਨ੍ਹਾਂ ਕੋਲੋਂ ਕੀ ਕਰਵਾਉਣਾ ਹੈ। ਮੈਂ ਆਪਣੇ ਸਮੇਂ ਵਿੱਚ ਇੰਨੀ ਨਲਾਇਕ ਸਰਕਾਰ ਨਹੀਂ ਦੇਖੀ।”
ਇਸ ਦੇ ਨਾਲ ਹੀ ਆਗੂਆਂ ਨੇ ਇਹ ਵੀ ਕਿਹਾ ਕਿ ਸਫਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਸੁਣਨ ਦੀ ਬਜਾਏ, ਸਰਕਾਰ ਜਨਤਾ ਅਤੇ ਕਰਮਚਾਰੀਆਂ ਵਿਚਕਾਰ ਟਕਰਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਬਰਨਾਲਾ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਦੇ ਦਾਅਵਿਆਂ ਦੇ ਬਾਵਜੂਦ ਜਲੰਧਰ ਵਿੱਚ ਵੀ ਅਜਿਹੀ ਹੀ ਸਥਿਤੀ ਪੈਦਾ ਹੋ ਗਈ ਹੈ।
“ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਨੇ ਹੀ ਪੱਕੇ ਕੀਤੇ ਸੀ ਕਰਮਚਾਰੀ”
ਜਲੰਧਰ ਛਾਉਣੀ ਦੇ ਹਲਕਾ ਇੰਚਾਰਜ ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ “ਨਗਰ ਨਿਗਮ ਕਰਮਚਾਰੀਆਂ ਦੀ ਜਾਇਜ ਮੰਗਾਂ ਨੇ, ਜੇਕਰ ਪਿਛਲਾ ਇਤਿਹਾਸ ਖੋਲ ਕੇ ਦੇਖੋਗੇ ਤਾਂ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਨੇ ਹੀ ਕਰਮਚਾਰੀਆਂ ਨੂੰ ਪੱਕੇ ਕੀਤਾ ਸੀ ਤੇ ਭਰਤੀ ਕੀਤੇ ਸੀ। 1196 ਬੰਦੇ ਭਰਤੀ ਕਰਨੇ ਜਰੂਰੀ ਨੇ, ਇਹ ਕਿਉਂ ਨਹੀਂ ਕਰਦੇ, ਇਹ ਡੀਏ ਕਿਉਂ ਨਹੀਂ ਦਿੰਦੇ। ਜਿਹੜਾ ਜਲੰਧਰ ਸ਼ਹਿਰ ਕਦੇ ‘ਸਵੱਛ ਭਾਰਤ ਅਭਿਆਨ’ ਵਿੱਚ ਪੰਜਾਬ ਭਰ ਵਿੱਚ ਅੱਗੇ ਰਹਿੰਦਾ ਸੀ, ਅੱਜ ਨਿਗਮ ਪ੍ਰਸ਼ਾਸਨ ਦੀ ਅਣਦੇਖੀ ਅਤੇ ਅੜੀਅਲ ਰਵੱਈਏ ਕਾਰਨ ਗੰਦਗੀ ਦੀ ਮਾਰ ਝੱਲ ਰਿਹਾ ਹੈ। ਪ੍ਰਸ਼ਾਸਨ ਵੱਲੋਂ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਵੱਲ ਲਗਾਤਾਰ ਧਿਆਨ ਨਹੀਂ ਦਿੱਤਾ ਜਾ ਰਿਹਾ।”
ਇਹ ਹਨ ਕਰਮਚਾਰੀਆਂ ਦੀਆਂ ਮੁੱਖ ਮੰਗਾਂ
ਯੂਨੀਅਨ ਦੇ ਚੇਅਰਮੈਨ ਹੀਰੋ ਸਭਰਵਾਲ ਨੇ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਵਿੱਚ ਨਵੀਂ ਪੱਕੀ ਭਰਤੀ ਕਰਨਾ, ਮਹਿੰਗਾਈ ਭੱਤਾ (DA) ਜਾਰੀ ਕਰਨਾ ਅਤੇ ਰੋਸਟਰ ਪ੍ਰਣਾਲੀ ਨੂੰ ਸਹੀ ਢੰਗ ਨਾਲ ਲਾਗੂ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਕਰੀਬ 600 ਕਰੋੜ ਰੁਪਏ ਦੇ ਠੇਕੇਦਾਰੀ ਸਿਸਟਮ ਨੂੰ ਲਾਗੂ ਕਰਨ ਦਾ ਕਰਮਚਾਰੀ ਯੂਨੀਅਨ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਰੱਖੜੀ ਵਰਗੇ ਵੱਡੇ ਤਿਉਹਾਰ ਮੌਕੇ ਸ਼ਹਿਰ ਵਾਸੀਆਂ ਨੂੰ ਹੋ ਰਹੀ ਪਰੇਸ਼ਾਨੀ ਬਾਰੇ ਪੁੱਛੇ ਜਾਣ ’ਤੇ ਚੇਅਰਮੈਨ ਨੇ ਕਿਹਾ ਕਿ ਸ਼ਹਿਰ ਵਾਸੀ ਉਨ੍ਹਾਂ ਦੇ ਆਪਣੇ ਹਨ ਅਤੇ ਉਨ੍ਹਾਂ ਨੂੰ ਲੋਕਾਂ ਦੀ ਪਰੇਸ਼ਾਨੀ ਦਾ ਪੂਰਾ ਅਹਿਸਾਸ ਹੈ। ਪਰ ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼ ਰੱਖਣ ਵਾਲੇ ਕਰਮਚਾਰੀਆਂ ਨੂੰ ਜਦੋਂ ਤੱਕ ਉਨ੍ਹਾਂ ਦਾ ਹੱਕ ਨਹੀਂ ਮਿਲਦਾ, ਉਦੋਂ ਤੱਕ ਸੰਘਰਸ਼ ਕਰਨਾ ਉਨ੍ਹਾਂ ਦੀ ਮਜਬੂਰੀ ਹੈ।
ਚੰਡੀਗੜ੍ਹ ਪਹੁੰਚੀ ਯੂਨੀਅਨ ਦੀ ਟੀਮ
ਯੂਨੀਅਨ ਦੇ ਸੀਨੀਅਰ ਅਹੁਦੇਦਾਰਾਂ ਅਤੇ ਨੁਮਾਇੰਦਿਆਂ ਦਾ ਇੱਕ ਵਫ਼ਦ ਇਸ ਸਮੇਂ ਚੰਡੀਗੜ੍ਹ ਵਿੱਚ ਉੱਚ ਅਧਿਕਾਰੀਆਂ ਨਾਲ ਗੱਲਬਾਤ ਲਈ ਗਿਆ ਹੋਇਆ ਹੈ। ਚੇਅਰਮੈਨ ਨੇ ਸਪੱਸ਼ਟ ਕੀਤਾ ਕਿ ਜੇਕਰ ਚੰਡੀਗੜ੍ਹ ਵਿੱਚ ਹੋਣ ਵਾਲੀ ਮੀਟਿੰਗ ਦੌਰਾਨ ਕਰਮਚਾਰੀਆਂ ਦੇ ਹੱਕ ਵਿੱਚ ਫ਼ੈਸਲਾ ਆ ਜਾਂਦਾ ਹੈ ਤਾਂ ਰਾਤੋਂ-ਰਾਤ ਪੂਰੇ ਸ਼ਹਿਰ ਦੀ ਸਫ਼ਾਈ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਹੜਤਾਲ ਜਾਰੀ ਰਹੇਗੀ, ਨਗਰ ਨਿਗਮ ਦੇ ਦਫ਼ਤਰ ਪੂਰੀ ਤਰ੍ਹਾਂ ਬੰਦ ਰਹਿਣਗੇ ਅਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ETV BHARAT