• Skip to main content
  • Skip to secondary menu
  • Skip to primary sidebar
  • Skip to footer
  • Home
  • About Us
  • Authors
  • Contact Us

The Punjab Pulse

Centre for Socio-Cultural Studies

  • Areas of Study
    • Maharaja Ranjit Singh
    • Social & Cultural Studies
    • Religious Studies
    • Governance & Politics
    • National Perspectives
    • International Perspectives
    • Communism
  • Activities
    • Conferences & Seminars
    • Discussions
  • News
  • Resources
    • Books & Publications
    • Book Reviews
  • Icons of Punjab
  • Videos
  • Academics
  • Agriculture
  • General

ਬ੍ਰੈਸਟ ਕੈਂਸਰ ਜਾਂਚ ਕਰਵਾਉਣ ’ਚ ਪਿੱਛੇ ਕਿਉਂ ਪੰਜਾਬ ਦੀਆਂ ਔਰਤਾਂ?

October 28, 2026 By Guest Author

Share

ਛੋਟੀ ਉਮਰ ‘ਚ ਹੀ ਵੱਧ ਖ਼ਤਰਾ?

ਛੋਟੀ ਉਮਰ ’ਚ ਛਾਤੀ ਦੇ ਕੈਂਸਰ ਦਾ ਖ਼ਤਰਾ, ਜਾਂਚ ਕਰਵਾਉਣ ’ਚ ਪਿੱਛੇ ਕਿਉਂ ਪੰਜਾਬ ਦੀਆਂ ਔਰਤਾਂ? ਪੱਤਰਕਾਰ ਕੰਵਲਜੀਤ ਕੌਰ ਦੀ ਰਿਪੋਰਟ।

EXPLAINER: ਬ੍ਰੈਸਟ ਕੈਂਸਰ ਜਾਂਚ ਕਰਵਾਉਣ ’ਚ ਪਿੱਛੇ ਕਿਉਂ ਪੰਜਾਬ ਦੀਆਂ ਔਰਤਾਂ? ਛੋਟੀ  ਉਮਰ 'ਚ ਹੀ ਵੱਧ ਖ਼ਤਰਾ?

ਚੰਡੀਗੜ੍ਹ: ਪੰਜਾਬ ਵਿੱਚ ਛਾਤੀ ਦਾ ਕੈਂਸਰ (Breast Cancer Awareness Month 2026) ਔਰਤਾਂ ਦੀ ਸਿਹਤ ਲਈ ਇੱਕ ਅਤਿ ਗੰਭੀਰ ਅਤੇ ਚਿੰਤਾਜਨਕ ਚੁਣੌਤੀ ਬਣ ਕੇ ਉੱਭਰ ਰਿਹਾ ਹੈ। ਚਿੰਤਾ ਦੀ ਗੱਲ ਸਿਰਫ਼ ਇਸ ਬਿਮਾਰੀ ਦਾ ਵੱਧ ਰਿਹਾ ਖ਼ਤਰਾ ਹੀ ਨਹੀਂ, ਸਗੋਂ ਸਮੇਂ ਸਿਰ ਜਾਂਚ ਅਤੇ ਇਸ ਦੀ ਪਛਾਣ ਬਾਰੇ ਜਾਗਰੂਕਤਾ ਦੀ ਭਾਰੀ ਘਾਟ ਵੀ ਹੈ। ਪੰਜਾਬ ਵਿੱਚ ਔਰਤਾਂ ਦੇ ਕੈਂਸਰ ਦੇ ਕੁੱਲ ਮਾਮਲਿਆਂ ਵਿੱਚ ਛਾਤੀ ਦੇ ਕੈਂਸਰ ਦੀ ਹਿੱਸੇਦਾਰੀ ਲਗਭਗ 30 ਫ਼ੀਸਦੀ ਹੈ ਮਾਹਿਰਾਂ ਦੀ ਮੰਨੀਏ ਛਾਤੀ ਦੇ ਕੈਸਰ ਦੀ ਸ਼ੁਰੂਆਤ ਹੁਣ 20 ਦੀ ਉਮਰ ਤੋਂ ਸ਼ੁਰੂ ਹੋਣ ਲੱਗੀ ਹੈ।

ਇਸ ਤੋਂ ਵੀ ਵੱਧ ਫਿਕਰਮੰਦ ਕਰਨ ਵਾਲੀ ਗੱਲ ਇਹ ਹੈ ਕਿ ‘ਕੌਮੀ ਪਰਿਵਾਰ ਸਿਹਤ ਸਰਵੇਖਣ–5′ (NFHS-5) ਦੇ ਅੰਕੜਿਆਂ ਮੁਤਾਬਕ, ਸੂਬੇ ਦੀਆਂ 30 ਤੋਂ 49 ਸਾਲ ਦੀਆਂ ਔਰਤਾਂ ਵਿੱਚੋਂ ਸਿਰਫ਼ 0.3 ਫ਼ੀਸਦੀ ਨੇ ਹੀ ਛਾਤੀ ਦੇ ਕੈਂਸਰ ਦੀ ਜਾਂਚ (Screening) ਕਰਵਾਈ ਹੈ। ਅਕਤੂਬਰ ਮਹੀਨੇ ਨੂੰ ਪੂਰੇ ਵਿਸ਼ਵ ਵਿੱਚ ‘ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਮਹੀਨੇ‘ (Breast Cancer Awareness Month) ਵਜੋਂ ਮਨਾਇਆ ਜਾਂਦਾ ਹੈ।

ਈਟੀਵੀ ਭਾਰਤ ਦੀ ਇਸ ਵਿਸ਼ੇਸ਼ ਰਿਪੋਰਟ ਵਿਚ ਤੱਥਾਂ ‘ਤੇ ਅਧਾਰਿਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ, ਆਖਰ ਕਿਉਂ ਪੰਜਾਬ ਵਿਚ ਬ੍ਰੈਸਟ ਕੈਂਸਰ ਦੇ ਮਾਮਲੇ ਆਮ ਹੁੰਦੇ ਜਾ ਰਹੇ ਹਨ? ਇਸ ਦੇ ਲੱਛਣ ਕੀ ਹੁੰਦੇ ਹਨ ਅਤੇ ਕੈਂਸਰ ਤੋਂ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ?

ਛਾਤੀ ਦੇ ਕੈਂਸਰ ਬਾਰੇ ਕੀ ਕਹਿੰਦੇ ਹਨ ਅੰਕੜੇ ?

ਕੌਮੀ ਕੈਂਸਰ ਰਜਿਸਟਰੀ ਪ੍ਰੋਗਰਾਮ ਦੇ ਅੰਕੜਿਆਂ ਮੁਤਾਬਿਕ, ‘ਪੰਜਾਬ ਵਿੱਚ ਛਾਤੀ ਦੇ ਕੈਂਸਰ ਦੇ ਅਨੁਮਾਨਿਤ ਨਵੇਂ ਮਾਮਲਿਆਂ ਦੀ ਗਿਣਤੀ 2021 ਵਿੱਚ 3,297 ਸੀ, ਜੋ 2025 ਵਿੱਚ ਵਧ ਕੇ 3,388 ਹੋ ਗਈ। ਇਸ ਤਰ੍ਹਾਂ ਚਾਰ ਸਾਲਾਂ ਦੌਰਾਨ ਮਾਮਲਿਆਂ ਵਿੱਚ ਲਗਭਗ 2.8 ਫ਼ੀਸਦੀ ਵਾਧਾ ਦਰਜ ਕੀਤਾ ਗਿਆ।’

ਇਸ ਤੋਂ ਇਲਾਵਾ, ਅੰਮ੍ਰਿਤਸਰ ਦੇ ਇੱਕ ਕਮਿਊਨਿਟੀ ਸਿਹਤ ਕੇਂਦਰ ਨਾਲ ਸਬੰਧਤ 2021 ਤੋਂ 2024 ਤੱਕ ਦੇ ਅਧਿਐਨ ਵਿੱਚ ਸ਼ਾਮਲ 200 ਮਰੀਜ਼ਾਂ ਵਿੱਚੋਂ 65 ਫ਼ੀਸਦੀ ਵਿੱਚ ਬਿਮਾਰੀ ਦੀ ਪਛਾਣ ਤੀਜੇ ਜਾਂ ਚੌਥੇ ਪੜਾਅ ’ਤੇ ਹੋਈ। ਅਧਿਐਨ ਵਿੱਚ ਆਰਥਿਕ ਤੰਗੀ, ਜਾਗਰੂਕਤਾ ਦੀ ਘਾਟ ਅਤੇ ਆਵਾਜਾਈ ਨਾਲ ਜੁੜੀਆਂ ਮੁਸ਼ਕਲਾਂ ਨੂੰ ਇਲਾਜ ਤੱਕ ਪਹੁੰਚ ਵਿੱਚ ਰੁਕਾਵਟਾਂ ਵਜੋਂ ਦਰਸਾਇਆ ਗਿਆ।

ਪੂਰੇ ਭਾਰਤ ਵਿੱਚ ਕੀ ਹੈ ਛਾਤੀ ਦੇ ਕੈਂਸਰ ਦੀ ਸਥਿਤੀ ?

ਭਾਰਤ ਵਿੱਚ ਛਾਤੀ ਦਾ ਕੈਂਸਰ ਔਰਤਾਂ ਵਿੱਚ ਪਾਇਆ ਜਾਣ ਵਾਲਾ ਇੱਕ ਪ੍ਰਮੁੱਖ ਕੈਂਸਰ ਹੈ। ਕੌਮੀ ਕੈਂਸਰ ਰਜਿਸਟਰੀ ਪ੍ਰੋਗਰਾਮ ਦੇ ਅਨੁਮਾਨਾਂ ਮੁਤਾਬਕ, ਦੇਸ਼ ਵਿੱਚ ਸਾਲ 2025 ਦੌਰਾਨ ਛਾਤੀ ਦੇ ਕੈਂਸਰ ਦੇ ਲਗਭਗ 2,32,832 ਨਵੇਂ ਮਾਮਲੇ ਸਾਹਮਣੇ ਆਉਣ ਦਾ ਅਨੁਮਾਨ ਸੀ। ਇਸ ਤੋਂ ਪਹਿਲਾਂ, ਵਿਸ਼ਵ ਸਿਹਤ ਸੰਗਠਨ ਦੀ ਕੈਂਸਰ ਖੋਜ ਸੰਸਥਾ (IARC) ਦੇ GLOBOCAN 2022 ਅੰਕੜਿਆਂ ਮੁਤਾਬਕ, ਭਾਰਤ ਵਿੱਚ ਔਰਤਾਂ ਵਿੱਚ ਇਸ ਬਿਮਾਰੀ ਦੇ ਲਗਭਗ 1,92,020 ਨਵੇਂ ਮਾਮਲੇ ਦਰਜ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ। ਇਹ ਅੰਕੜੇ ਦੇਸ਼ ਵਿੱਚ ਛਾਤੀ ਦੇ ਕੈਂਸਰ ਦੇ ਵੱਡੇ ਸਿਹਤ ਬੋਝ ਨੂੰ ਦਰਸਾਉਂਦੇ ਹਨ ਅਤੇ ਬਿਮਾਰੀ ਦੀ ਸਮੇਂ ਸਿਰ ਪਛਾਣ, ਜਾਂਚ ਸਹੂਲਤਾਂ ਤੱਕ ਪਹੁੰਚ ਅਤੇ ਇਲਾਜ ਬਾਰੇ ਜਾਗਰੂਕਤਾ ਵਧਾਉਣ ਦੀ ਲੋੜ ਨੂੰ ਉਜਾਗਰ ਕਰਦੇ ਹਨ।

ਭਾਰਤ ਵਿੱਚ 22-23 ਸਾਲ ਦੀ ਉਮਰ ਦੀਆਂ ਔਰਤਾਂ ਵਿੱਚ ਛਾਤੀ ਦੇ ਕੈਂਸਰ ਹੋਣ ਬਾਰੇ ਪਤਾ ਲੱਗ ਰਿਹਾ ਹੈ। ਕਿਉਂਕਿ ਅਸੀਂ 20 ਸਾਲ ਵਾਲੇ ਉਮਰ ਵਰਗ ਵਿੱਚ ਕੁੜੀਆਂ ਨਾਲ ਅਸੀਂ ਬ੍ਰੈਸਟ ਕੈਂਸਰ ਬਾਰੇ ਗੱਲ ਨਹੀਂ ਕਰਦੇ। ਸਕੂਲਾਂ ਵਿੱਚ ਪੀਰੀਅਡਸ ਬਾਰੇ ਗੱਲ ਹੁੰਦੀ ਹੈ, ਪਰ ਬ੍ਰੈਸਟ ਲਈ ਜਾਂਚ ਕਿਵੇਂ ਹੋਣੀ ਹੈ, ਬ੍ਰੈਸਟ ਬਣਤਰ ਜਾਂ ਬ੍ਰੈਸਟ ਕੈਂਸਰ ਬਾਰੇ ਗੱਲ ਨਹੀਂ ਕਰਦੇ, ਇਸ ਬਾਰੇ ਜਾਗਰੂਕਤਾ ਦੇਣੀ ਜ਼ਰੂਰੀ ਹੈ। ਜਾਗਰੂਕਤਾ ਦੀ ਕਮੀ ਕਰਕੇ ਛਾਤੀ ਦੇ ਕੈਂਸਰ ਮਾਮਲੇ ਵੱਧ ਰਹੇ ਹਨ। – ਡਾ. ਹੀਨਾ ਚਾਵਲਾ, ਕੈਂਸਰ ਸਰਜਰੀ ਦੇ ਮਾਹਿਰ

EXPLAINER: ਬ੍ਰੈਸਟ ਕੈਂਸਰ ਜਾਂਚ ਕਰਵਾਉਣ 'ਚ ਪਿੱਛੇ ਕਿਉਂ ਪੰਜਾਬ ਦੀਆਂ ਔਰਤਾਂ? ਛੋਟੀ  ਉਮਰ 'ਚ ਹੀ ਵੱਧ ਖ਼ਤਰਾ?

ਵਿਸ਼ਵ ਪੱਧਰ ‘ਤੇ ਕਿੰਨੀਆਂ ਔਰਤਾਂ ਛਾਤੀ ਦੇ ਕੈਂਸਰ ਤੋਂ ਪੀੜਤ ?

ਵਿਸ਼ਵ ਪੱਧਰ ’ਤੇ ਵੀ ਛਾਤੀ ਦਾ ਕੈਂਸਰ ਔਰਤਾਂ ਵਿੱਚ ਪਾਇਆ ਜਾਣ ਵਾਲਾ ਸਭ ਤੋਂ ਆਮ ਕੈਂਸਰ ਹੈ। ਵਿਸ਼ਵ ਸਿਹਤ ਸੰਗਠਨ ਦੀ ਕੈਂਸਰ ਖੋਜ ਸੰਸਥਾ (IARC) ਦੇ ਅੰਕੜਿਆਂ ਮੁਤਾਬਕ, ਸਾਲ 2022 ਵਿੱਚ ਦੁਨੀਆ ਭਰ ਵਿੱਚ ਛਾਤੀ ਦੇ ਕੈਂਸਰ ਦੇ ਲਗਭਗ 22.97 ਲੱਖ ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ 6.66 ਲੱਖ ਔਰਤਾਂ ਦੀ ਇਸ ਬਿਮਾਰੀ ਕਾਰਨ ਮੌਤ ਹੋਈ ਸੀ। ਇਸ ਤੋਂ ਬਾਅਦ ਦੇ ਅਨੁਮਾਨਾਂ ਮੁਤਾਬਕ, ਸਾਲ 2024 ਵਿੱਚ ਦੁਨੀਆ ਭਰ ਵਿੱਚ ਨਵੇਂ ਮਾਮਲਿਆਂ ਦੀ ਗਿਣਤੀ ਲਗਭਗ 24.3 ਲੱਖ ਅਤੇ ਮੌਤਾਂ ਦੀ ਗਿਣਤੀ 6.94 ਲੱਖ ਰਹੀ। ਸਾਲ 2025 ਲਈ ਨਵੇਂ ਮਾਮਲਿਆਂ ਦਾ ਅਨੁਮਾਨ ਲਗਭਗ 24.96 ਲੱਖ ਹੈ।

ਛਾਤੀ ਦੇ ਕੈਂਸਰ ਨਾਲ ਹੋਈਆਂ ਮੌਤਾਂ ਦਾ ਅੰਕੜਾ ਕੀ ਕਹਿੰਦਾ ਹੈ?

ਵਿਸ਼ਵ ਸਿਹਤ ਸੰਗਠਨ ਦੀ ਕੈਂਸਰ ਖੋਜ ਸੰਸਥਾ IARC ਦੇ ਅੰਕੜਿਆਂ ਮੁਤਾਬਕ, ਸਾਲ 2024 ਦੌਰਾਨ ਦੁਨੀਆ ਭਰ ਵਿੱਚ ਛਾਤੀ ਦੇ ਕੈਂਸਰ ਕਾਰਨ ਲਗਭਗ 6.94 ਲੱਖ ਔਰਤਾਂ ਦੀ ਮੌਤ ਹੋਈ। ਭਾਰਤ ਵਿੱਚ ਕੌਮੀ ਕੈਂਸਰ ਰਜਿਸਟਰੀ ਪ੍ਰੋਗਰਾਮ ਦੇ ਅਨੁਮਾਨਾਂ ਮੁਤਾਬਕ ਸਾਲ 2025 ਦੌਰਾਨ ਛਾਤੀ ਦੇ ਕੈਂਸਰ ਕਾਰਨ ਮੌਤਾਂ ਦੀ ਗਿਣਤੀ ਲਗਭਗ 1.03 ਲੱਖ ਤੋਂ ਵੱਧ ਸੀ।

ਉਥੇ ਹੀ, ਜੇ ਪੰਜਾਬ ਦੀ ਗੱਲ ਕਰੀਏ, ਤਾਂ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸਾਂਝੇ ਕੀਤੇ ਅੰਕੜਿਆਂ ਮੁਤਾਬਕ, ਪੰਜਾਬ ਵਿੱਚ ਛਾਤੀ ਦੇ ਕੈਂਸਰ ਕਾਰਨ ਅਨੁਮਾਨਿਤ ਮੌਤਾਂ ਦੀ ਗਿਣਤੀ 2021 ਵਿੱਚ 1,418 ਸੀ, ਜੋ 2025 ਵਿੱਚ ਵਧ ਕੇ 1,457 ਹੋ ਗਈ। ਇਸ ਤਰ੍ਹਾਂ ਇਨ੍ਹਾਂ 5 ਸਾਲਾਂ ਦੌਰਾਨ ਸੂਬੇ ਵਿੱਚ ਛਾਤੀ ਦੇ ਕੈਂਸਰ ਕਾਰਨ ਕੁੱਲ ਲਗਭਗ 7,186 ਮੌਤਾਂ ਹੋਈਆਂ।

ਕਿਉਂ ਵੱਧ ਰਿਹਾ ਛਾਤੀ ਦੇ ਕੈਂਸਰ ਦਾ ਪ੍ਰਕੋਪ?

ਔਰਤਾਂ ਦੇ ਰੋਗਾਂ ਮਾਹਿਰ ਡਾ. ਸੁਨੈਨਾ ਬੰਸਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ, ਕੈਂਸਰ ਹੋਣ ਦੇ ਕਈ ਵੱਖ-ਵੱਖ ਕਾਰਨ ਹੋ ਸਕਦੇ ਹਨ। ਇਸ ਦਾ ਕੋਈ ਇੱਕ ਖ਼ਾਸ ਕਾਰਨ ਨਿਰਧਾਰਤ ਨਹੀਂ ਕੀਤਾ ਜਾ ਸਕਦਾ। ਕੁਝ ਕੈਂਸਰ ਲਾਗ ਕਾਰਨ ਵੀ ਹੁੰਦੇ ਹਨ, ਜਿਵੇਂ ਬੱਚੇਦਾਨੀ ਦੇ ਮੂੰਹ ਦਾ ਕੈਂਸਰ। ਇਸ ਤੋਂ ਇਲਾਵਾ, ਪ੍ਰਦੂਸ਼ਣ, ਅੱਜ ਦੀ ਬੈਠ ਕੇ ਕੰਮ ਕਰਨ ਵਾਲੀ ਜੀਵਨਸ਼ੈਲੀ ਅਤੇ ਗ਼ਲਤ ਖਾਣ-ਪੀਣ ਦੀਆਂ ਆਦਤਾਂ ਵੀ ਕੈਂਸਰ ਦੇ ਖ਼ਤਰੇ ਨੂੰ ਵਧਾਉਣ ਵਾਲੇ ਕਾਰਕ ਹੋ ਸਕਦੇ ਹਨ। ਪਰਿਵਾਰਕ ਇਤਿਹਾਸ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ। ਜਿਨ੍ਹਾਂ ਪਰਿਵਾਰਾਂ ਵਿੱਚ ਕੈਂਸਰ ਦੇ ਵੱਧ ਮਾਮਲੇ ਸਾਹਮਣੇ ਆਏ ਹੋਣ, ਉਨ੍ਹਾਂ ਵਿੱਚ ਇਸ ਬਿਮਾਰੀ ਦਾ ਖ਼ਤਰਾ ਵਧ ਸਕਦਾ ਹੈ।

ਡਾ. ਸੁਨੈਨਾ ਬੰਸਲ ਮੁਤਾਬਕ, ਛਾਤੀ ਦਾ ਕੈਂਸਰ ਔਰਤਾਂ ਵਿੱਚ ਸਭ ਤੋਂ ਵੱਧ ਆਮ ਪਾਏ ਜਾਣ ਵਾਲੇ ਕੈਂਸਰਾਂ ਵਿੱਚੋਂ ਇੱਕ ਹੈ। ਉਨ੍ਹਾਂ ਦੱਸਿਆ ਕਿ ਕੈਂਸਰ ਦੀ ਨਵੀਂ ਜਾਂਚ ਵਿੱਚ ਸਾਹਮਣੇ ਆਇਆ ਹੈ-

ਹਰ 100 ਔਰਤਾਂ ਵਿੱਚੋਂ ਲਗਭਗ 30 ਔਰਤਾਂ ਛਾਤੀ ਦੇ ਕੈਂਸਰ ਤੋਂ ਪੀੜਤ ਹੁੰਦੀਆਂ ਹਨ। ਇਸ ਲਈ ਇਸ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣ ਦੀ ਬਹੁਤ ਲੋੜ ਹੈ। ਇਸ ਦਾ ਇੱਕ ਕਾਰਨ ਔਰਤਾਂ ਵਿੱਚ ਜਾਗਰੂਕਤਾ ਦੀ ਘਾਟ ਹੈ। ਇੱਥੋਂ ਤੱਕ ਕਿ 40 ਤੋਂ 50 ਸਾਲ ਦੀ ਉਮਰ ਦੀਆਂ ਔਰਤਾਂ, ਜਿਨ੍ਹਾਂ ਲਈ ਜਾਂਚ ਕਰਵਾਉਣ ਦੀ ਲੋੜ ਹੁੰਦੀ ਹੈ, ਉਨ੍ਹਾਂ ਨੂੰ ਵੀ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੁੰਦੀ। – ਡਾ. ਸੁਨੈਨਾ ਬੰਸਲ, ਔਰਤਾਂ ਦੇ ਰੋਗਾਂ ਦੇ ਮਾਹਿਰ

EXPLAINER: ਬ੍ਰੈਸਟ ਕੈਂਸਰ ਜਾਂਚ ਕਰਵਾਉਣ 'ਚ ਪਿੱਛੇ ਕਿਉਂ ਪੰਜਾਬ ਦੀਆਂ ਔਰਤਾਂ? ਛੋਟੀ  ਉਮਰ 'ਚ ਹੀ ਵੱਧ ਖ਼ਤਰਾ?

ਜਾਗਰੂਕਤਾ ਦੀ ਘਾਟ ਕਾਰਨ ਅਤੇ ਸਮੇਂ ਸਿਰ ਇਸ ਦੀ ਜਾਂਚ ਨਾ ਹੋਣ ਕਾਰਨ ਭਾਰਤ ਵਿਚ ਜ਼ਿਆਦਾਤਰ ਛਾਤੀ ਦਾ ਕੈਂਸਰ ਦਾ ਪਤਾ ਤੀਜੀ ਜਾਂ ਚੌਥੀ ਸਟੇਜ ‘ਤੇ ਲੱਗਦਾ ਹੈ। ਜੇ ਛਾਤੀ ਦੇ ਕੈਂਸਰ ਦੀ ਪਛਾਣ ਪਹਿਲੀ ਅਵਸਥਾ ਵਿੱਚ ਹੀ ਹੋ ਜਾਵੇ, ਤਾਂ ਇਲਾਜ ਆਸਾਨ ਹੋ ਜਾਂਦਾ ਹੈ ਅਤੇ ਠੀਕ ਹੋਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ। ਉਨ੍ਹਾਂ ਮੁਤਾਬਕ, ਅਜਿਹੇ ਮਾਮਲਿਆਂ ਵਿੱਚ ਸਧਾਰਨ ਅਤੇ ਘੱਟ ਗੁੰਝਲਦਾਰ ਇਲਾਜ ਨਾਲ ਪੂਰੀ ਤਰ੍ਹਾਂ ਠੀਕ ਹੋਣ ਦੀ ਸੰਭਾਵਨਾ 100 ਫ਼ੀਸਦੀ ਤੱਕ ਹੋ ਸਕਦੀ ਹੈ।

ਪੰਜਾਬ ਵਿੱਚ ਕੈਂਸਰ ਦੇ ਮਾਮਲੇ– ਸ਼ਹਿਰੀ ਖੇਤਰਾਂ ਵਿੱਚ ਵੱਧਦਾ ਖ਼ਤਰਾ !

ਇਸਤਰੀ ਰੋਗ ਅਤੇ ਕੈਂਸਰ ਸਰਜਰੀਆਂ ਦੇ ਮਾਹਿਰ ਡਾ. ਹੀਨਾ ਚਾਵਲਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ, “ਸਾਲ 2025 ਦੇ ਕੌਮੀ ਕੈਂਸਰ ਰਜਿਸਟਰੀ ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਔਰਤਾਂ ਵਿੱਚ ਛਾਤੀ ਦੇ ਕੈਂਸਰ ਦੇ ਲਗਭਗ 3,500 ਮਾਮਲੇ ਦਰਜ ਕੀਤੇ ਗਏ, ਜਦਕਿ ਛੋਟੇ ਪਿੰਡਾਂ ਵਿੱਚ ਵੀ ਛਾਤੀ ਦੇ ਕੈਂਸਰ ਦੇ ਕਈ ਅਜਿਹੇ ਮਾਮਲੇ ਹੋ ਸਕਦੇ ਹਨ, ਜਿਹੜੇ ਸਰਕਾਰੀ ਅੰਕੜਿਆਂ ਵਿੱਚ ਦਰਜ ਨਹੀਂ ਹੁੰਦੇ। ਇਸ ਕਾਰਨ ਅਸਲ ਮਾਮਲਿਆਂ ਦੀ ਗਿਣਤੀ ਦਰਜ ਕੀਤੇ ਅੰਕੜਿਆਂ ਨਾਲੋਂ ਵੱਧ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਮੁਤਾਬਕ ਪੇਂਡੂ ਖੇਤਰਾਂ ਦੇ ਮੁਕਾਬਲੇ ਚੰਡੀਗੜ੍ਹ ਅਤੇ ਮੋਹਾਲੀ ਵਰਗੇ ਸ਼ਹਿਰੀ ਇਲਾਕਿਆਂ ਵਿੱਚ ਛਾਤੀ ਦੇ ਕੈਂਸਰ ਦੇ ਵੱਧ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਜਿਸ ਦਾ ਇਕ ਕਾਰਨ ਇਹ ਵੀ ਹੈ ਕਿ ਸ਼ਹਿਰੀ ਖੇਤਰਾਂ ਵਿਚ ਬ੍ਰੈਸਟ ਕੈਂਸਰ ਦੀ ਸਕ੍ਰੀਨਿੰਗ ਜ਼ਿਆਦਾ ਹੋ ਰਹੀ ਹੈ।”

ਵਿਦੇਸ਼ਾਂ ਵਿੱਚ ਛਾਤੀ ਦੇ ਕੈਂਸਰ ਬਾਰੇ ਜਲਦੀ ਪਤਾ ਜਾਂ ਪਹਿਲੀ–ਦੂਜੀ ਸਟੇਜ ਉੱਤੇ ਪਤਾ ਲੱਗ ਜਾਂਦਾ ਹੈ, ਕਿਉਂਕਿ ਉੱਥੇ ਔਰਤਾਂ ਹਰ ਸਾਲ ਮੈਮੋਗ੍ਰਾਫੀ ਜਾਂ ਅਪਣੀ ਜਾਂਚ ਕਰਵਾਉਂਦੀਆਂ ਹਨ। ਇਸ ਤਰ੍ਹਾਂ ਪਹਿਲੀ ਸਟੇਜ ਉੱਤੇ ਕੈਂਸਰ ਪਤਾ ਲੱਗਣ ਨਾਲ ਇਸ ਦਾ ਇਲਾਜ ਕਰਨਾ ਜਲਦੀ ਅਤੇ ਸੌਖੇ ਤਰੀਕੇ ਨਾਲ ਸੰਭਵ ਹੋ ਜਾਂਦਾ ਹੈ, ਇਹ ਜਾਨਲੇਵਾ ਨਹੀਂ ਹੁੰਦਾ। –ਡਾ. ਸੁਨੈਨਾ ਬੰਸਲ, ਔਰਤਾਂ ਦੇ ਰੋਗਾਂ ਦੇ ਮਾਹਿਰ

ਜੀਵਨਸ਼ੈਲੀ ਵਿੱਚ ਬਦਲਾਅ ਕਾਰਨ ਘੱਟ ਉਮਰ ਦੀਆਂ ਔਰਤਾਂ ਵੀ ਖ਼ਤਰੇ ਵਿੱਚ

ਡਾ. ਹੀਨਾ ਚਾਵਲਾ ਮੁਤਾਬਕ, ਸ਼ਹਿਰੀ ਖੇਤਰਾਂ ਵਿੱਚ ਛਾਤੀ ਦੇ ਕੈਂਸਰ ਦੇ ਮਾਮਲੇ ਵਧਣ ਪਿੱਛੇ ਜੀਵਨਸ਼ੈਲੀ ਵਿੱਚ ਆ ਰਹੇ ਬਦਲਾਅ ਅਹਿਮ ਕਾਰਕ ਹਨ। ਦੇਰ ਨਾਲ ਗਰਭ ਧਾਰਨ ਕਰਨਾ, ਬੱਚਿਆਂ ਦੀ ਗਿਣਤੀ ਘੱਟ ਹੋਣਾ, ਮੋਟਾਪਾ, ਸਰੀਰਕ ਗਤੀਵਿਧੀਆਂ ਦੀ ਘਾਟ, ਸ਼ਰਾਬ ਅਤੇ ਸਿਗਰਟਨੋਸ਼ੀ ਦੀ ਵਧਦੀ ਵਰਤੋਂ, ਛੋਟੀ ਉਮਰ ਵਿੱਚ ਮਾਹਵਾਰੀ ਸ਼ੁਰੂ ਹੋਣਾ ਅਤੇ ਹਾਰਮੋਨਲ ਇਲਾਜ ਵਰਗੇ ਕਾਰਕ ਛਾਤੀ ਦੇ ਕੈਂਸਰ ਦੇ ਖ਼ਤਰੇ ਨਾਲ ਜੁੜੇ ਹੋ ਸਕਦੇ ਹਨ।

ਉਨ੍ਹਾਂ ਦੱਸਿਆ ਕਿ, ਭਾਰਤ ਵਿੱਚ ਛਾਤੀ ਦੇ ਕੈਂਸਰ ਦਾ ਸਭ ਤੋਂ ਘੱਟ ਉਮਰ ਵਿੱਚ ਸਾਹਮਣੇ ਆਇਆ ਮਾਮਲਾ 22 ਤੋਂ 23 ਸਾਲ ਦੀ ਔਰਤ ਵਿੱਚ ਵੀ ਦਰਜ ਹੋਇਆ ਹੈ ਅਤੇ ਹੁਣ 20 ਸਾਲਾਂ ਦੇ ਆਖ਼ਰੀ ਸਾਲਾਂ ਜਾਂ 30 ਸਾਲਾਂ ਦੀ ਸ਼ੁਰੂਆਤ ਵਿੱਚ ਵੀ ਅਜਿਹੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਉਹਨਾਂ ਸਪੱਸ਼ਟ ਕੀਤਾ ਕਿ, ਪਰਿਵਾਰ ਵਿੱਚ ਪਹਿਲਾਂ ਕਿਸੇ ਨੂੰ ਛਾਤੀ ਦਾ ਕੈਂਸਰ ਨਾ ਹੋਣ ਦਾ ਮਤਲਬ ਇਹ ਨਹੀਂ ਕਿ ਕਿਸੇ ਔਰਤ ਨੂੰ ਇਹ ਬਿਮਾਰੀ ਨਹੀਂ ਹੋ ਸਕਦੀ। ਉਨ੍ਹਾਂ ਮੁਤਾਬਕ ਲਗਭਗ 80 ਤੋਂ 90 ਫ਼ੀਸਦੀ ਮਾਮਲੇ ਅਜਿਹੇ ਪਰਿਵਾਰਾਂ ਵਿੱਚ ਵੀ ਸਾਹਮਣੇ ਆਉਂਦੇ ਹਨ, ਜਿੱਥੇ ਪਹਿਲਾਂ ਇਸ ਬਿਮਾਰੀ ਦਾ ਕੋਈ ਇਤਿਹਾਸ ਨਹੀਂ ਹੁੰਦਾ।

ਸ਼ੁਰੂਆਤ ਵਿੱਚ ਦਰਦ ਨਹੀਂ ਹੁੰਦਾ, ਜਾਂਚ ਵਿੱਚ ਦੇਰੀ ਹੋ ਸਕਦੀ ਹੈ ਖ਼ਤਰਨਾਕ

ਡਾ. ਹੀਨਾ ਚਾਵਲਾ ਨੇ ਦੱਸਿਆ ਕਿ, ਛਾਤੀ ਦੇ ਕੈਂਸਰ ਦੀ ਇੱਕ ਅਹਿਮ ਗੱਲ ਇਹ ਹੈ ਕਿ ਸ਼ੁਰੂਆਤੀ ਪੜਾਅ ਵਿੱਚ ਆਮ ਤੌਰ ’ਤੇ ਦਰਦ ਨਹੀਂ ਹੁੰਦਾ। ਇਸ ਕਾਰਨ ਕਈ ਔਰਤਾਂ ਗੰਢ ਜਾਂ ਹੋਰ ਤਬਦੀਲੀਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀਆਂ ਅਤੇ ਜਾਂਚ ਕਰਵਾਉਣ ਵਿੱਚ ਦੇਰੀ ਕਰ ਦਿੰਦੀਆਂ ਹਨ। ਉਨ੍ਹਾਂ ਮੁਤਾਬਕ, ਭਾਰਤ ਵਿੱਚ ਛਾਤੀ ਦੇ ਕੈਂਸਰ ਦੇ ਲਗਭਗ 50 ਫ਼ੀਸਦੀ ਮਾਮਲਿਆਂ ਦੀ ਪਛਾਣ ਤੀਜੇ ਜਾਂ ਚੌਥੇ ਪੜਾਅ ਵਿੱਚ ਹੁੰਦੀ ਹੈ।

ਡਾਕਟਰ ਨੇ 20 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਆਪਣੀ ਛਾਤੀ ਵਿੱਚ ਹੋਣ ਵਾਲੀਆਂ ਤਬਦੀਲੀਆਂ ਪ੍ਰਤੀ ਸੁਚੇਤ ਰਹਿਣ ਦੀ ਸਲਾਹ ਦਿੱਤੀ। ਜੇ ਛਾਤੀ ਵਿੱਚ ਗੰਢ ਮਹਿਸੂਸ ਹੋਵੇ, ਚਮੜੀ ਅੰਦਰ ਵੱਲ ਧਸਦੀ ਦਿਖਾਈ ਦੇਵੇ, ਨਿੱਪਲ ਅੰਦਰ ਵੱਲ ਮੁੜ ਜਾਵੇ, ਨਿੱਪਲ ਵਿੱਚੋਂ ਖ਼ੂਨ ਮਿਲਿਆ ਰਸ ਨਿਕਲੇ ਜਾਂ ਕੱਛ ਵਿੱਚ ਗੰਢ ਮਹਿਸੂਸ ਹੋਵੇ ਤਾਂ ਬਿਨਾਂ ਦੇਰੀ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਡਾਕਟਰ ਦੀ ਸਲਾਹ ਮੁਤਾਬਕ ਲੋੜ ਪੈਣ ’ਤੇ ਅਲਟਰਾਸਾਊਂਡ ਜਾਂ ਮੈਮੋਗ੍ਰਾਫੀ ਕਰਵਾਉਣੀ ਚਾਹੀਦੀ ਹੈ, ਕਿਉਂਕਿ ਸਮੇਂ ਸਿਰ ਬਿਮਾਰੀ ਦੀ ਪਛਾਣ ਹੋਣ ਨਾਲ ਇਲਾਜ ਦੇ ਬਿਹਤਰ ਨਤੀਜਿਆਂ ਦੀ ਸੰਭਾਵਨਾ ਵਧ ਜਾਂਦੀ ਹੈ। – ਡਾ. ਹੀਨਾ ਚਾਵਲਾ, ਕੈਂਸਰ ਸਰਜਰੀ ਦੇ ਮਾਹਿਰ

ਕੈਂਸਰ ਦੇ ਖ਼ਤਰੇ ਨੂੰ ਘਟਾਉਣ ਲਈ ਜੀਵਨਸ਼ੈਲੀ ਵਿੱਚ ਬਦਲਾਅ

ਡਾ. ਸੁਨੈਨਾ ਬੰਸਲ ਦਾ ਕਹਿਣਾ ਹੈ ਕਿ ਕੈਂਸਰ ਨੂੰ ਪੂਰੀ ਤਰ੍ਹਾਂ ਰੋਕਣਾ ਸੰਭਵ ਨਹੀਂ ਹੈ, ਕਿਉਂਕਿ ਇਸ ਦਾ ਕੋਈ ਇੱਕ ਨਿਸ਼ਚਿਤ ਕਾਰਨ ਨਹੀਂ ਹੁੰਦਾ। ਹਾਲਾਂਕਿ, ਕੁਝ ਆਦਤਾਂ ਵਿੱਚ ਬਦਲਾਅ ਕਰਕੇ ਇਸ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ। ਮਾੜੀ ਜੀਵਨਸ਼ੈਲੀ ਜਿਵੇਂ ਕਿ ਬਹੁਤ ਜ਼ਿਆਦਾ ਤਿਆਰ ਕੀਤੇ ਹੋਏ ਖਾਣੇ, ਜੰਕ ਫੂਡ ਅਤੇ ਪੈਕਟਾਂ ਵਿੱਚ ਮਿਲਣ ਵਾਲੇ ਖਾਣੇ ਦੀ ਵਰਤੋਂ, ਖੁਰਾਕ ਵਿੱਚ ਰੇਸ਼ੇ ਦੀ ਘਾਟ, ਸਰੀਰਕ ਗਤੀਵਿਧੀਆਂ ਦੀ ਕਮੀ ਅਤੇ ਲੰਬੇ ਸਮੇਂ ਤੱਕ ਬੈਠੇ ਰਹਿਣਾ ਵੀ ਕਈ ਬਿਮਾਰੀਆਂ ਅਤੇ ਕੈਂਸਰ ਦੇ ਖ਼ਤਰੇ ਨੂੰ ਵਧਾ ਸਕਦਾ ਹੈ।

“ਜੀਵਨਸ਼ੈਲੀ ਵਿਚ ਬਦਲਾਅ ਕਰਕੇ ਇਸ ਸਥਿਤੀ ਨੂੰ ਕਾਬੂ ਕੀਤਾ ਜਾ ਸਕਦਾ ਹੈ। ਪਰ ਉਮਰ ਅਤੇ ਪਰਿਵਾਰਕ ਇਤਿਹਾਸ ਵਰਗੇ ਕਾਰਕਾਂ ਨੂੰ ਬਦਲਣਾ ਸੰਭਵ ਨਹੀਂ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਜ਼ਰੂਰੀ ਨਹੀਂ ਕਿ ਸਿਰਫ਼ ਮਾੜੀ ਜੀਵਨਸ਼ੈਲੀ ਵਾਲੀਆਂ ਔਰਤਾਂ ਨੂੰ ਹੀ ਛਾਤੀ ਦਾ ਕੈਂਸਰ ਹੋਵੇ। ਇਹ ਕਿਸੇ ਵੀ ਔਰਤ ਨੂੰ ਹੋ ਸਕਦਾ ਹੈ ਅਤੇ ਛਾਤੀ ਵਾਲੇ ਹਰ ਵਿਅਕਤੀ ਨੂੰ ਇਸ ਦਾ ਖ਼ਤਰਾ ਹੋ ਸਕਦਾ ਹੈ।” – ਡਾ. ਸੁਨੈਨਾ ਬੰਸਲ, ਔਰਤਾਂ ਦੇ ਰੋਗਾਂ ਦੇ ਮਾਹਿਰ

ਛਾਤੀ ਦੇ ਕੈਂਸਰ ਦੀ ਸਮੇਂ ਸਿਰ ਪਛਾਣ ਅਤੇ ਜਾਂਚ

ਡਾ. ਸੁਨੈਨਾ ਬੰਸਲ ਨੇ ਛਾਤੀ ਦੇ ਕੈਂਸਰ ਦੀ ਸਮੇਂ ਸਿਰ ਪਛਾਣ ਨੂੰ ਸਭ ਤੋਂ ਮਹੱਤਵਪੂਰਨ ਦੱਸਿਆ। ਇਸ ਲਈ ਜਾਂਚ ਕਰਵਾਉਣਾ ਅਤੇ ਛਾਤੀ ਵਿੱਚ ਹੋਣ ਵਾਲੀਆਂ ਤਬਦੀਲੀਆਂ ਵੱਲ ਧਿਆਨ ਦੇਣਾ ਜ਼ਰੂਰੀ ਹੈ।

20 ਸਾਲ ਦੀ ਉਮਰ ਤੋਂ ਹੀ ਔਰਤਾਂ ਨੂੰ ਆਪਣੀ ਛਾਤੀ ਦੀ ਖ਼ੁਦ ਜਾਂਚ ਕਰਨ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ। ਹਰ ਮਹੀਨੇ ਛਾਤੀ ਦੀ ਖ਼ੁਦ ਜਾਂਚ ਕਰਨ ਨਾਲ ਔਰਤਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਛਾਤੀ ਆਮ ਤੌਰ ‘ਤੇ ਕਿਵੇਂ ਦਿਖਾਈ ਦਿੰਦੀ ਹੈ ਅਤੇ ਛੂਹਣ ‘ਤੇ ਕਿਵੇਂ ਮਹਿਸੂਸ ਹੁੰਦੀ ਹੈ। ਇਸ ਨਾਲ ਗੰਢ ਜਾਂ ਕਿਸੇ ਹੋਰ ਤਬਦੀਲੀ ਦਾ ਪਤਾ ਜਲਦੀ ਲੱਗ ਸਕਦਾ ਹੈ। – ਡਾ. ਸੁਨੈਨਾ ਬੰਸਲ, ਔਰਤਾਂ ਦੇ ਰੋਗਾਂ ਦੇ ਮਾਹਿਰ

ਉਹਨਾਂ ਕਿਹਾ ਕਿ, ਜੇ ਔਰਤਾਂ ਆਪਣੀ ਛਾਤੀ ਵਿੱਚ ਹੋਣ ਵਾਲੀਆਂ ਤਬਦੀਲੀਆਂ ਵੱਲ ਧਿਆਨ ਨਹੀਂ ਦਿੰਦੀਆਂ, ਤਾਂ ਦਰਦ ਜਾਂ ਹੋਰ ਲੱਛਣ ਸਾਹਮਣੇ ਆਉਣ ਤੱਕ ਬਿਮਾਰੀ ਕਾਫ਼ੀ ਫੈਲ ਚੁੱਕੀ ਹੋ ਸਕਦੀ ਹੈ। ਇਸ ਲਈ ਸਮੇਂ ਸਿਰ ਜਾਂਚ ਅਤੇ ਸਰੀਰ ਵਿੱਚ ਹੋਣ ਵਾਲੀਆਂ ਤਬਦੀਲੀਆਂ ਪ੍ਰਤੀ ਜਾਗਰੂਕ ਰਹਿਣਾ ਬਹੁਤ ਜ਼ਰੂਰੀ ਹੈ।

40 ਸਾਲ ਦੀ ਉਮਰ ਤੋਂ ਬਾਅਦ ਮੈਮੋਗ੍ਰਾਫ਼ੀ ਦੀ ਮਹੱਤਤਾ

“40 ਸਾਲ ਦੀ ਉਮਰ ਤੋਂ ਬਾਅਦ ਹਰ ਸਾਲ ਇੱਕ ਵਾਰ ਮੈਮੋਗ੍ਰਾਫ਼ੀ ਕਰਵਾਉਣੀ ਚਾਹੀਦੀ ਹੈ। ਮੈਮੋਗ੍ਰਾਫ਼ੀ ਛਾਤੀ ਦੀ ਜਾਂਚ ਕਰਨ ਲਈ ਵਰਤਿਆ ਜਾਣ ਵਾਲਾ ਇੱਕ ਵਿਸ਼ੇਸ਼ ਤਰੀਕਾ ਹੈ, ਜਿਸ ਨਾਲ ਕੈਂਸਰ ਦੀ ਜਲਦੀ ਪਛਾਣ ਕਰਨ ਵਿੱਚ ਮਦਦ ਮਿਲ ਸਕਦੀ ਹੈ।” – ਡਾ. ਸੁਨੈਨਾ ਬੰਸਲ, ਔਰਤਾਂ ਦੇ ਰੋਗਾਂ ਦੇ ਮਾਹਿਰ

ਉਨ੍ਹਾਂ ਨੇ ਦੱਸਿਆ ਕਿ, ਬਹੁਤ ਸਾਰੀਆਂ ਔਰਤਾਂ ਵਿੱਚ ਇਹ ਗ਼ਲਤ ਧਾਰਨਾ ਹੈ ਕਿ ਮੈਮੋਗ੍ਰਾਫ਼ੀ ਦਰਦਨਾਕ ਜਾਂਚ ਹੈ। ਹਾਲਾਂਕਿ ਉਨ੍ਹਾਂ ਅਨੁਸਾਰ ਇਹ ਜਾਂਚ ਲਗਭਗ ਪੰਜ ਮਿੰਟ ਵਿੱਚ ਪੂਰੀ ਹੋ ਜਾਂਦੀ ਹੈ ਅਤੇ ਇਸ ਨੂੰ ਲੈ ਕੇ ਬੇਵਜ੍ਹਾਂ ਡਰਨ ਦੀ ਲੋੜ ਨਹੀਂ ਹੈ।

ਮੈਮੋਗ੍ਰਾਫ਼ੀ ਕੀ ਹੁੰਦਾ ਹੈ?

‘Mammography’ ਇੱਕ ਖਾਸ ਕਿਸਮ ਦਾ ਮੈਡੀਕਲ ਟੈਸਟ ਹੁੰਦਾ ਹੈ। ਇਹ ਛਾਤੀ (Breast) ਦੀਆਂ ਅੰਦਰੂਨੀ ਤਸਵੀਰਾਂ ਲੈਣ ਲਈ ਐਕਸ-ਰੇ (X-rays) ਦੀ ਵਰਤੋਂ ਕਰਦਾ ਹੈ। ਛਾਤੀ ਦੇ ਕੈਂਸਰ, ਰਸੌਲੀਆਂ (tumors) ਜਾਂ ਹੋਰ ਗੰਢਾਂ ਦਾ ਸ਼ੁਰੂਆਤੀ ਪੜਾਅ ‘ਤੇ ਪਤਾ ਲਗਾਉਣ ਲਈ ਇਹ ਟੈਸਟ ਕੀਤਾ ਜਾਂਦਾ ਹੈ। ਆਮ ਤੌਰ ‘ਤੇ ਔਰਤਾਂ ਨੂੰ ਜੇਕਰ ਛਾਤੀ ਵਿੱਚ ਕੋਈ ਗੰਢ ਜਾਂ ਦਰਦ ਮਹਿਸੂਸ ਹੋਵੇ, ਤਾਂ 40 ਸਾਲ ਜਾਂ ਉਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਡਾਕਟਰ ਮੋਮੋਗ੍ਰਾਫੀ ਕਰਵਾਉਣ ਦੀ ਸਲਾਹ ਦਿੰਦੇ ਹਨ।

ETV BHARAT


Share

Filed Under: Discussions, health, Stories & Articles

Primary Sidebar

Mahraja Ranjit Singh Portal

Maharaja Ranjit Singh is an icon of Punjab and Punjabis. He is also called Sher-e-Punjab (Lion of Punjab) in view of the respect that is due to him for his bravery and visionary leadership which led to the creation of the Sikh Empire (Sarkaar-e-Khalsa). The Punjab Pulse has dedicated a portal to the study of the Maharaja with the view to understand his life and identify his strengths for emulation in our culture and traditions. The study will emcompass his life, his reign, his associates, his family and all other aspects pertaining to the Sikh Empire.

Go to the Portal

More to See

Sri Guru Granth Sahib

August 24, 2025 By Jaibans Singh

ਮੰਡੀਆਂ ਝੋਨੇ ਨਾਲ ਨੱਕੋ-ਨੱਕ ਭਰੀਆਂ

October 28, 2026 By News Bureau

Punjab Mandi Closure: ਤੀਹ ਤੋਂ ਵੱਧ ਮੰਡੀਆਂ ’ਚ ਝੋਨੇ ਦੀ ਖ਼ਰੀਦ ਬੰਦ ਕਰਨ ਦਾ ਹੁਕਮ

October 28, 2026 By News Bureau

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Featured Video

More Posts from this Category

Footer

Text Widget

This is an example of a text widget which can be used to describe a particular service. You can also use other widgets in this location.

Examples of widgets that can be placed here in the footer are a calendar, latest tweets, recent comments, recent posts, search form, tag cloud or more.

Sample Link.

Recent

  • Canada ’ਚ ਫੜਿਆ ਗਿਆ ਪੰਜਾਬ ਦਾ ਭਗੌੜਾ ਗੈਂਗਸਟਰ ਅੰਮ੍ਰਿਤਪਾਲ ਬਾਠ
  • ਮੰਡੀਆਂ ਝੋਨੇ ਨਾਲ ਨੱਕੋ-ਨੱਕ ਭਰੀਆਂ
  • Punjab Mandi Closure: ਤੀਹ ਤੋਂ ਵੱਧ ਮੰਡੀਆਂ ’ਚ ਝੋਨੇ ਦੀ ਖ਼ਰੀਦ ਬੰਦ ਕਰਨ ਦਾ ਹੁਕਮ
  • Punjab ਚੋਣਾਂ ਤੋਂ ਪਹਿਲਾਂ ਕਤਲਾਂ, ਨਸ਼ਾ ਤਸਕਰੀ ਅਤੇ ਗੈਂਗਸਟਰਾਂ ਨਾਲ ਜੂਝ ਰਿਹੈ ਸੂਬਾ
  • पंजाब में मौत का सामान पहुंचा रहे पाकिस्तानी ड्रोन!

Search

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Copyright © 2026 · The Punjab Pulse

Developed by Web Apps Interactive