ਅੱਜ ਜਦੋਂ ਅਸੀਂ ਵਿਕਾਸ, ਤਰੱਕੀ ਅਤੇ ਆਧੁਨਿਕਤਾ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਾਂ ਤਾਂ ਮਨ ਵਿੱਚ ਇੱਕ ਸਵਾਲ ਜ਼ਰੂਰ ਉੱਠਦਾ ਹੈ ਕਿ ਕੀ ਸਾਡੀ ਇਹ ਤਰੱਕੀ ਸਾਨੂੰ ਕੁਦਰਤ ਤੋਂ ਦੂਰ ਤਾਂ ਨਹੀਂ ਲੈ ਜਾ ਰਹੀ? ਅੱਜ ਦੇ ਸਮੇਂ ਵਿੱਚ ਰਾਜਨੀਤਕ ਆਗੂਆਂ…
ਅੱਜ ਜਦੋਂ ਅਸੀਂ ਵਿਕਾਸ, ਤਰੱਕੀ ਅਤੇ ਆਧੁਨਿਕਤਾ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਾਂ ਤਾਂ ਮਨ ਵਿੱਚ ਇੱਕ ਸਵਾਲ ਜ਼ਰੂਰ ਉੱਠਦਾ ਹੈ ਕਿ ਕੀ ਸਾਡੀ ਇਹ ਤਰੱਕੀ ਸਾਨੂੰ ਕੁਦਰਤ ਤੋਂ ਦੂਰ ਤਾਂ ਨਹੀਂ ਲੈ ਜਾ ਰਹੀ? ਅੱਜ ਦੇ ਸਮੇਂ ਵਿੱਚ ਰਾਜਨੀਤਕ ਆਗੂਆਂ ਦੇ ਭਾਸ਼ਣਾਂ ਵਿੱਚ ਸੜਕਾਂ, ਇਮਾਰਤਾਂ, ਪੁਲਾਂ ਅਤੇ ਹੋਰ ਵਿਕਾਸ ਕਾਰਜਾਂ ਦੀਆਂ ਗੱਲਾਂ ਤਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ, ਪਰ ਵਾਤਾਵਰਨ ਦੀ ਸੰਭਾਲ, ਦਰੱਖਤਾਂ ਦੀ ਗਿਣਤੀ ਵਧਾਉਣ ਅਤੇ ਸ਼ਹਿਰਾਂ ਤੇ ਪਿੰਡਾਂ ਵਿੱਚ ਨਵੇਂ ਜੰਗਲ ਖੜ੍ਹੇ ਕਰਨ ਦੀ ਗੱਲ ਬਹੁਤ ਘੱਟ ਸੁਣਾਈ ਦਿੰਦੀ ਹੈ। ਕਿੰਨਾ ਚੰਗਾ ਹੋਵੇ ਜੇ ਕੋਈ ਆਗੂ ਇਹ ਕਹੇ ਕਿ “ਅਸੀਂ ਇਸ ਪਿੰਡ ਵਿੱਚ ਇੱਕ ਹਜ਼ਾਰ ਦਰੱਖਤ ਲਗਾਵਾਂਗੇ”, “ਇਸ ਸ਼ਹਿਰ ਵਿੱਚ ਇੱਕ ਨਵਾਂ ਮਿੰਨੀ ਜੰਗਲ ਤਿਆਰ ਕਰਾਂਗੇ” ਜਾਂ “ਸਾਡੇ ਇਲਾਕੇ ਵਿੱਚ ਜਿੰਨੇ ਦਰੱਖਤ ਕੱਟੇ ਜਾਣਗੇ, ਉਸ ਤੋਂ ਕਈ ਗੁਣਾ ਵੱਧ ਦਰੱਖਤ ਲਗਾਏ ਜਾਣਗੇ।” ਅਜਿਹੇ ਵਾਅਦੇ ਸਿਰਫ਼ ਚੋਣਾਵੀ ਵਾਅਦੇ ਨਾ ਹੋਣ, ਸਗੋਂ ਉਨ੍ਹਾਂ ਦੀ ਪੂਰਤੀ ਦੀ ਜ਼ਿੰਮੇਵਾਰੀ ਵੀ ਤੈਅ ਹੋਵੇ।
ਦਰਅਸਲ, ਦਰੱਖਤ ਸਾਡੇ ਜੀਵਨ ਦਾ ਉਹ ਹਿੱਸਾ ਹਨ ਜਿਸ ਦੀ ਕੀਮਤ ਸਾਨੂੰ ਅਕਸਰ ਉਦੋਂ ਸਮਝ ਆਉਂਦੀ ਹੈ ਜਦੋਂ ਉਹ ਸਾਡੇ ਕੋਲ ਨਹੀਂ ਰਹਿੰਦੇ। ਅਸੀਂ ਸੜਕਾਂ ਚੌੜੀਆਂ ਕਰਨ ਲਈ, ਘਰਾਂ ਅਤੇ ਕੋਠੀਆਂ ਬਣਾਉਣ ਲਈ, ਦੁਕਾਨਾਂ ਅਤੇ ਹੋਰ ਇਮਾਰਤਾਂ ਖੜ੍ਹੀਆਂ ਕਰਨ ਲਈ ਦਰੱਖਤ ਕੱਟ ਦਿੰਦੇ ਹਾਂ ਅਤੇ ਫਿਰ ਗਰਮੀ ਵਧਣ, ਹਵਾ ਪ੍ਰਦੂਸ਼ਿਤ ਹੋਣ ਅਤੇ ਮੌਸਮ ਦੇ ਬਦਲਦੇ ਰੰਗਾਂ ਬਾਰੇ ਚਿੰਤਾ ਕਰਦੇ ਹਾਂ। ਅਸੀਂ ਕੁਦਰਤ ਤੋਂ ਲੈਂਦੇ ਤਾਂ ਬਹੁਤ ਕੁਝ ਹਾਂ, ਪਰ ਵਾਪਸ ਦੇਣ ਵੇਲੇ ਸਾਡਾ ਹੱਥ ਬਹੁਤ ਛੋਟਾ ਹੋ ਜਾਂਦਾ ਹੈ। ਦਰੱਖਤ ਸਾਨੂੰ ਆਕਸੀਜਨ, ਛਾਂ, ਫ਼ਲ, ਪੰਛੀਆਂ ਨੂੰ ਆਸਰਾ, ਮਿੱਟੀ ਦੀ ਸੰਭਾਲ ਅਤੇ ਵਾਤਾਵਰਣਕ ਸੰਤੁਲਨ ਦਿੰਦੇ ਹਨ। ਇਸ ਲਈ ਦਰੱਖਤ ਲਗਾਉਣਾ ਸਿਰਫ਼ ਹਰਿਆਲੀ ਵਧਾਉਣਾ ਨਹੀਂ, ਸਗੋਂ ਆਪਣੇ ਜੀਵਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਸੁਰੱਖਿਆ ਕਰਨਾ ਹੈ।
ਕਈ ਵਾਰ ਲੋਕ ਦਰੱਖਤ ਨਾ ਲਗਾਉਣ ਲਈ ਬੜੇ ਅਜੀਬ ਬਹਾਨੇ ਬਣਾਉਂਦੇ ਹਨ। ਇੱਕ ਦੋਸਤ ਨੇ ਨਵੀਂ ਕੋਠੀ ਬਣਾਈ ਅਤੇ ਉਸ ਦੇ ਘਰ ਦੇ ਨਾਲ ਗ੍ਰੀਨ ਬੈਲਟ ਵੀ ਛੱਡੀ ਗਈ ਸੀ, ਜਿੱਥੇ ਦਰੱਖਤ ਲਗਾਏ ਜਾਣੇ ਚਾਹੀਦੇ ਸਨ, ਪਰ ਉਸ ਨੇ ਗ੍ਰੀਨ ਬੈਲਟ ਵਿੱਚ ਵੀ ਟਾਈਲਾਂ ਲਗਾ ਦਿੱਤੀਆਂ। ਮੈਂ ਉਸ ਨੂੰ ਪੁੱਛਿਆ ਕਿ ਜਿੱਥੇ ਕੁਦਰਤ ਨੇ ਹਰਿਆਲੀ ਲਈ ਜਗ੍ਹਾ ਦਿੱਤੀ ਹੈ, ਉੱਥੇ ਤੂੰ ਟਾਈਲਾਂ ਕਿਉਂ ਲਾ ਦਿੱਤੀਆਂ? ਇੱਕ ਹੋਰ ਦੋਸਤ ਨੂੰ ਮੈਂ ਕਿਹਾ ਕਿ ਤੂੰ ਆਪਣੇ ਖੇਤਾਂ ਜਾਂ ਘਰ ਦੇ ਆਲੇ-ਦੁਆਲੇ ਦਰੱਖਤ ਕਿਉਂ ਨਹੀਂ ਲਗਾਉਂਦਾ? ਉਸ ਨੇ ਬੜੀ ਸਾਦਗੀ ਨਾਲ ਜਵਾਬ ਦਿੱਤਾ। “ਦਰੱਖਤਾਂ ਦੇ ਪੱਤੇ ਡਿੱਗ ਕੇ ਗੰਦ ਪਾਉਂਦੇ ਹਨ।” ਮੈਂ ਉਸ ਨੂੰ ਕਿਹਾ ਕਿ ਜੇ ਪੱਤੇ ਡਿੱਗਦੇ ਹਨ ਤਾਂ ਉਹ ਕੁਦਰਤ ਦਾ ਗੰਦ ਨਹੀਂ, ਕੁਦਰਤ ਦੀ ਖਾਦ ਹੈ। ਉਨ੍ਹਾਂ ਨੂੰ ਹਰ ਵਾਰ ਕੂੜਾ ਸਮਝ ਕੇ ਸੁੱਟਣ ਦੀ ਬਜਾਏ ਜ਼ਮੀਨ ਵਿੱਚ ਗਲਣ ਦਿੱਤਾ ਜਾਵੇ ਤਾਂ ਉਹ ਜੈਵਿਕ ਪਦਾਰਥ ਬਣ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾ ਸਕਦੇ ਹਨ। ਫਿਰ ਮੈਂ ਮਜ਼ਾਕ ਵਿੱਚ ਕਿਹਾ “ਜੇ ਦਰੱਖਤਾਂ ਦੇ ਪੱਤੇ ਤੈਨੂੰ ਗੰਦ ਲੱਗਦੇ ਹਨ ਤਾਂ ਫਿਰ ਦਰੱਖਤਾਂ ਵੱਲੋਂ ਬਣਾਈ ਆਕਸੀਜਨ ਵੀ ਨਾ ਲਵੀਂ। ਆਪਣੇ ਘਰ ਵਿੱਚ ਆਕਸੀਜਨ ਬਣਾਈਂ ਅਤੇ ਸਾਰਾ ਦਿਨ ਆਕਸੀਜਨ ਦਾ ਸਿਲੰਡਰ ਮੋਢੇ ’ਤੇ ਚੁੱਕੀ ਫਿਰੀਂ।” ਇਹ ਗੱਲ ਉਸ ਦੇ ਦਿਲ ਨੂੰ ਲੱਗੀ ਅਤੇ ਉਸ ਨੇ ਦਰੱਖਤ ਲਗਾਉਣ ਬਾਰੇ ਸੋਚਣਾ ਸ਼ੁਰੂ ਕੀਤਾ।
ਸਾਨੂੰ ਇਹ ਵੀ ਸਮਝਣਾ ਪਵੇਗਾ ਕਿ ਦਰੱਖਤਾਂ ਤੋਂ ਡਿੱਗੇ ਪੱਤੇ ਕੁਦਰਤ ਦੀ ਪ੍ਰਕਿਰਿਆ ਦਾ ਹਿੱਸਾ ਹਨ। ਪੱਤਿਆਂ ਨੂੰ ਗਲਣ-ਸੜਨ ਦੇ ਕੇ ਉਨ੍ਹਾਂ ਤੋਂ ਕੰਪੋਸਟ ਅਤੇ ਜੈਵਿਕ ਪਦਾਰਥ ਤਿਆਰ ਕੀਤਾ ਜਾ ਸਕਦਾ ਹੈ। ਨਿੰਮ ਵਰਗੇ ਦਰੱਖਤਾਂ ਵਿੱਚ ਕੁਦਰਤੀ ਜੈਵ-ਕਿਰਿਆਸ਼ੀਲ ਤੱਤ ਹੁੰਦੇ ਹਨ ਅਤੇ ਨਿੰਮ ਦੀ ਵਰਤੋਂ ਰਵਾਇਤੀ ਤੌਰ ’ਤੇ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਰਹੀ ਹੈ; ਪਰ ਇਹ ਕਹਿਣਾ ਠੀਕ ਨਹੀਂ ਕਿ ਸਿਰਫ਼ ਨਿੰਮ ਦੇ ਪੱਤੇ ਘਰ ਵਿੱਚ ਡਿੱਗਣ ਨਾਲ ਹਵਾ ਵਿੱਚ ਕੋਈ ‘ਐਂਟੀਬਾਇਓਟਿਕ ਮਾਹੌਲ’ ਬਣ ਜਾਂਦਾ ਹੈ। ਕੁਦਰਤ ਦੀ ਮਹੱਤਤਾ ਨੂੰ ਸਮਝਾਉਣ ਲਈ ਸਾਨੂੰ ਵਿਗਿਆਨਕ ਤੱਥਾਂ ਨੂੰ ਵੀ ਸਹੀ ਰੂਪ ਵਿੱਚ ਪੇਸ਼ ਕਰਨਾ ਚਾਹੀਦਾ ਹੈ।
ਪੰਜਾਬ ਦੀ ਧਰਤੀ ਤਾਂ ਰਵਾਇਤੀ ਤੌਰ ’ਤੇ ਦਰੱਖਤਾਂ ਨਾਲ ਬਹੁਤ ਗੂੜ੍ਹੀ ਤਰ੍ਹਾਂ ਜੁੜੀ ਰਹੀ ਹੈ। ਸਾਡੇ ਪਿੰਡਾਂ ਦੀਆਂ ਪੁਰਾਣੀਆਂ ਯਾਦਾਂ ਵਿੱਚ ਬੋਹੜ, ਪਿੱਪਲ, ਨਿੰਮ, ਸ਼ੀਸ਼ਮ, ਕਿੱਕਰ, ਧਰੇਕ, ਟਾਹਲੀ, ਸਰੀਂਹ, ਸਿੰਬਲ, ਅਰਜਨ, ਸੁਖਚੈਨ, ਜਾਮਣ, ਬੇਰ, ਟੂਣ, ਅੰਬ, ਸ਼ਹਿਤੂਤ, ਕਚਨਾਰ, ਅਮਲਤਾਸ ਅਤੇ ਸਹਿਜਣਾ ਵਰਗੇ ਦਰੱਖਤਾਂ ਦੀ ਆਪਣੀ ਪਛਾਣ ਹੈ। ਪੰਜਾਬ ਦੇ ਸਰਕਾਰੀ ਯੋਜਨਾ ਦਸਤਾਵੇਜ਼ਾਂ ਵਿੱਚ ਵੀ ਇਨ੍ਹਾਂ ਵਿੱਚੋਂ ਕਈ ਰਵਾਇਤੀ ਅਤੇ ਸਥਾਨਕ ਤੌਰ ’ਤੇ ਉੱਗਣ ਵਾਲੀਆਂ ਕਿਸਮਾਂ ਦਾ ਜ਼ਿਕਰ ਮਿਲਦਾ ਹੈ।
ਸਾਨੂੰ ਹਰ ਥਾਂ ਇੱਕੋ ਕਿਸਮ ਦਾ ਦਰੱਖਤ ਲਗਾਉਣ ਦੀ ਬਜਾਏ ਥਾਂ ਅਤੇ ਲੋੜ ਅਨੁਸਾਰ ਦਰੱਖਤ ਚੁਣਨੇ ਚਾਹੀਦੇ ਹਨ। ਪਿੰਡਾਂ ਦੇ ਖੇਤਾਂ ਦੀਆਂ ਵੱਟਾਂ ਅਤੇ ਖੁੱਲ੍ਹੀਆਂ ਥਾਵਾਂ ਵਿੱਚ ਸ਼ੀਸ਼ਮ, ਟਾਹਲੀ, ਨਿੰਮ, ਧਰੇਕ, ਕਿੱਕਰ, ਸਰੀਂਹ ਅਤੇ ਸੁਖਚੈਨ ਵਰਗੇ ਦਰੱਖਤ ਲਗਾਏ ਜਾ ਸਕਦੇ ਹਨ। ਖੇਤਾਂ ਦੇ ਨੇੜੇ ਦਰੱਖਤ ਲਗਾਉਂਦੇ ਸਮੇਂ ਫ਼ਸਲ ਨੂੰ ਛਾਂ, ਜੜਾਂ ਦੇ ਫੈਲਾਅ ਅਤੇ ਖੇਤੀਬਾੜੀ ਮਸ਼ੀਨਰੀ ਦੀ ਆਵਾਜਾਈ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਜਾਮਣ, ਬੇਰ ਅਤੇ ਅੰਬ ਵਰਗੇ ਫ਼ਲਦਾਰ ਦਰੱਖਤ ਘਰਾਂ, ਖੇਤਾਂ ਅਤੇ ਬਾਗ਼ਾਂ ਵਿੱਚ ਢੁੱਕਵੀਆਂ ਥਾਵਾਂ ’ਤੇ ਲਗਾਏ ਜਾ ਸਕਦੇ ਹਨ। ਸਹਿਜਣਾ ਘਰ ਦੇ ਪਿਛਵਾੜੇ ਜਾਂ ਰਸੋਈ ਬਾਗ਼ ਦੇ ਨੇੜੇ ਲਾਭਦਾਇਕ ਹੋ ਸਕਦਾ ਹੈ। ਕਚਨਾਰ ਅਤੇ ਅਮਲਤਾਸ ਸੁੰਦਰ ਫੁੱਲਾਂ ਵਾਲੇ ਹੋਣ ਕਰਕੇ ਘਰਾਂ, ਪਾਰਕਾਂ ਅਤੇ ਸੜਕਾਂ ਦੇ ਕਿਨਾਰਿਆਂ ਲਈ ਸੁੰਦਰ ਚੋਣ ਹਨ। ਪਿੱਪਲ ਅਤੇ ਬੋਹੜ ਵਰਗੇ ਵੱਡੇ ਅਤੇ ਲੰਬੀ ਉਮਰ ਵਾਲੇ ਦਰੱਖਤ ਖੁੱਲ੍ਹੀਆਂ ਸਰਕਾਰੀ ਜਾਂ ਸਾਂਝੀਆਂ ਥਾਵਾਂ, ਪਿੰਡਾਂ ਦੀਆਂ ਸਾਂਝੀਆਂ ਜ਼ਮੀਨਾਂ ਅਤੇ ਵੱਡੇ ਪਾਰਕਾਂ ਵਿੱਚ ਲਗਾਉਣੇ ਚਾਹੀਦੇ ਹਨ, ਪਰ ਇਨ੍ਹਾਂ ਨੂੰ ਘਰਾਂ ਦੀਆਂ ਨੀਂਹਾਂ, ਕੰਧਾਂ ਜਾਂ ਤੰਗ ਗਲੀਆਂ ਦੇ ਬਿਲਕੁਲ ਨੇੜੇ ਨਹੀਂ ਲਗਾਉਣਾ ਚਾਹੀਦਾ। ਅਰਜਨ ਪਾਣੀ ਵਾਲੇ ਇਲਾਕਿਆਂ, ਨਹਿਰਾਂ ਜਾਂ ਜਲ ਸਰੋਤਾਂ ਦੇ ਨੇੜੇ ਢੁੱਕਵਾਂ ਹੋ ਸਕਦਾ ਹੈ। ਸ਼ਹਿਤੂਤ ਪਿੰਡਾਂ ਅਤੇ ਖੇਤਾਂ ਦੇ ਨੇੜੇ ਲਗਾਇਆ ਜਾ ਸਕਦਾ ਹੈ। ਇਸ ਤਰ੍ਹਾਂ ਦਰੱਖਤ ਦੀ ਕਿਸਮ ਚੁਣਨ ਸਮੇਂ ਉਸ ਦੇ ਆਕਾਰ, ਜੜਾਂ, ਪਾਣੀ ਦੀ ਲੋੜ, ਮਿੱਟੀ ਅਤੇ ਸਥਾਨ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ।
ਸ਼ਹਿਰਾਂ ਵਿੱਚ ਵੀ ਹਰਿਆਲੀ ਵਧਾਉਣ ਲਈ ਬਹੁਤ ਕੁਝ ਕੀਤਾ ਜਾ ਸਕਦਾ ਹੈ। ਘਰ ਦੇ ਅੱਗੇ ਜੇ ਗ੍ਰੀਨ ਬੈਲਟ ਹੈ ਤਾਂ ਉਸ ਨੂੰ ਟਾਈਲਾਂ ਨਾਲ ਢੱਕਣ ਦੀ ਬਜਾਏ ਉੱਥੇ ਦਰੱਖਤ ਅਤੇ ਬੂਟੇ ਲਗਾਏ ਜਾਣੇ ਚਾਹੀਦੇ ਹਨ। ਪੰਜਾਬ ਦੇ ਬਿਲਡਿੰਗ ਨਿਯਮਾਂ ਵਿੱਚ ਵੀ ਪਲਾਟਾਂ ਦੇ ਆਕਾਰ ਅਨੁਸਾਰ ਦਰੱਖਤ ਲਗਾਉਣ ਦੀ ਵਿਵਸਥਾ ਕੀਤੀ ਗਈ ਹੈ ਅਤੇ ਸਥਾਨਕ ਕਿਸਮਾਂ ਨੂੰ ਤਰਜੀਹ ਦੇਣ ਦੀ ਗੱਲ ਕਹੀ ਗਈ ਹੈ। ਇਸ ਲਈ ਗ੍ਰੀਨ ਬੈਲਟ ਨੂੰ ਪਾਰਕਿੰਗ ਜਾਂ ਟਾਈਲਾਂ ਦੀ ਜਗ੍ਹਾ ਬਣਾ ਦੇਣਾ ਸਿਰਫ਼ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਨਹੀਂ, ਸਗੋਂ ਕੁਦਰਤ ਪ੍ਰਤੀ ਸਾਡੀ ਸੋਚ ਦਾ ਵੀ ਪ੍ਰਗਟਾਵਾ ਹੈ।
ਸਾਨੂੰ ਆਪਣੇ ਘਰਾਂ ਵਿੱਚ ਇੱਕ ਨਵੀਂ ਪਰੰਪਰਾ ਸ਼ੁਰੂ ਕਰਨੀ ਚਾਹੀਦੀ ਹੈ। ‘ਇੱਕ ਘਰ, ਘੱਟੋ-ਘੱਟ ਇੱਕ ਦਰੱਖਤ।’ ਜਿਨ੍ਹਾਂ ਕੋਲ ਖੇਤ ਹਨ, ਉਹ ਆਪਣੀਆਂ ਵੱਟਾਂ ਅਤੇ ਉਚਿਤ ਥਾਵਾਂ ’ਤੇ ਦਰੱਖਤ ਲਗਾਉਣ। ਜਿਨ੍ਹਾਂ ਕੋਲ ਘਰ ਹਨ, ਉਹ ਗ੍ਰੀਨ ਬੈਲਟ, ਵਿਹੜੇ ਜਾਂ ਉਚਿਤ ਥਾਂ ’ਤੇ ਦਰੱਖਤ ਲਗਾਉਣ। ਜਿਨ੍ਹਾਂ ਕੋਲ ਆਪਣੀ ਜ਼ਮੀਨ ਨਹੀਂ, ਉਹ ਪਿੰਡ ਦੀ ਸਾਂਝੀ ਜ਼ਮੀਨ, ਸਕੂਲ, ਧਾਰਮਿਕ ਸਥਾਨ ਜਾਂ ਕਿਸੇ ਸਰਕਾਰੀ ਸੰਸਥਾ ਨਾਲ ਮਿਲ ਕੇ ਪੌਦੇ ਲਗਾਉਣ, ਪਰ ਸਿਰਫ਼ ਪੌਦਾ ਲਗਾ ਕੇ ਫੋਟੋ ਖਿੱਚਵਾਉਣਾ ਹੀ ਕਾਫ਼ੀ ਨਹੀਂ। ਅਸਲ ਸੇਵਾ ਤਾਂ ਉਸ ਪੌਦੇ ਨੂੰ ਪਾਣੀ ਦੇਣ, ਉਸ ਦੀ ਰੱਖਿਆ ਕਰਨ ਅਤੇ ਉਸ ਨੂੰ ਦਰੱਖਤ ਬਣਾਉਣ ਵਿੱਚ ਹੈ।
ਅੱਜ ਸਾਨੂੰ ‘ਬੂਟੇ ਲਗਾਉਣ’ ਤੋਂ ਇੱਕ ਕਦਮ ਅੱਗੇ ਵਧ ਕੇ ‘ਦਰੱਖਤ ਪਾਲਣ’ ਦੀ ਮੁਹਿੰਮ ਚਲਾਉਣ ਦੀ ਲੋੜ ਹੈ। ਸਕੂਲਾਂ ਵਿੱਚ ਹਰ ਬੱਚੇ ਦੇ ਨਾਮ ’ਤੇ ਇੱਕ ਦਰੱਖਤ ਹੋਵੇ, ਪਿੰਡਾਂ ਵਿੱਚ ਹਰ ਪਰਿਵਾਰ ਘੱਟੋ-ਘੱਟ ਇੱਕ ਦਰੱਖਤ ਦੀ ਜ਼ਿੰਮੇਵਾਰੀ ਲਵੇ ਅਤੇ ਸ਼ਹਿਰਾਂ ਵਿੱਚ ਹਰ ਗ੍ਰੀਨ ਬੈਲਟ ਨੂੰ ਟਾਈਲਾਂ ਤੋਂ ਬਚਾ ਕੇ ਅਸਲ ਹਰਿਆਲੀ ਵਿੱਚ ਬਦਲਿਆ ਜਾਵੇ। ਪੰਚਾਇਤਾਂ, ਨਗਰ ਕੌਂਸਲਾਂ, ਸਮਾਜਿਕ ਸੰਸਥਾਵਾਂ ਅਤੇ ਰਾਜਨੀਤਕ ਆਗੂਆਂ ਨੂੰ ਵੀ ਸਿਰਫ਼ ਭਾਸ਼ਣਾਂ ਤੱਕ ਸੀਮਤ ਨਾ ਰਹਿ ਕੇ ਆਪਣੇ ਇਲਾਕੇ ਵਿੱਚ ‘ਮਿੰਨੀ ਜੰਗਲ’ ਬਣਾਉਣ ਦਾ ਟੀਚਾ ਰੱਖਣਾ ਚਾਹੀਦਾ ਹੈ।
ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਦਰੱਖਤ ਆਪਣੇ ਲਈ ਹੀ ਨਹੀਂ ਲਗਾ ਰਹੇ। ਜਿਸ ਛਾਂ ਹੇਠ ਅਸੀਂ ਅੱਜ ਬੈਠਾਂਗੇ, ਉਹ ਕਿਸੇ ਨੇ ਸਾਡੇ ਲਈ ਦਹਾਕਿਆਂ ਪਹਿਲਾਂ ਲਗਾਈ ਸੀ। ਇਸੇ ਤਰ੍ਹਾਂ ਅੱਜ ਲਗਾਇਆ ਗਿਆ ਇੱਕ ਛੋਟਾ ਜਿਹਾ ਬੂਟਾ ਕੱਲ੍ਹ ਸਾਡੇ ਬੱਚਿਆਂ ਨੂੰ ਛਾਂ, ਪੰਛੀਆਂ ਨੂੰ ਘਰ, ਮਿੱਟੀ ਨੂੰ ਸਹਾਰਾ ਅਤੇ ਧਰਤੀ ਨੂੰ ਹਰਿਆਲੀ ਦੇਵੇਗਾ। ਇਸ ਲਈ ਦਰੱਖਤ ਦਾ ਡਿੱਗਿਆ ਪੱਤਾ ਸਾਨੂੰ ਗੰਦ ਨਹੀਂ, ਕੁਦਰਤ ਦਾ ਸੁਨੇਹਾ ਸਮਝਣਾ ਚਾਹੀਦਾ ਹੈ; ਦਰੱਖਤ ਦੀ ਟਾਹਣੀ ਸਾਨੂੰ ਰੁਕਾਵਟ ਨਹੀਂ, ਜੀਵਨ ਦੀ ਬਾਂਹ ਸਮਝਣੀ ਚਾਹੀਦੀ ਹੈ ਅਤੇ ਦਰੱਖਤ ਨੂੰ ਕੱਟਣ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ।
ਆਓ, ਅੱਜ ਇੱਕ ਸੰਕਲਪ ਲਈਏ, ਅਸੀਂ ਦਰੱਖਤ ਨਹੀਂ ਕੱਟਾਂਗੇ, ਜਿੱਥੇ ਸੰਭਵ ਹੋਵੇਗਾ ਉੱਥੇ ਨਵੇਂ ਦਰੱਖਤ ਲਗਾਵਾਂਗੇ, ਲਗਾਏ ਹੋਏ ਦਰੱਖਤਾਂ ਦੀ ਸੰਭਾਲ ਕਰਾਂਗੇ ਅਤੇ ਆਪਣੇ ਬੱਚਿਆਂ ਨੂੰ ਵੀ ਦਰੱਖਤਾਂ ਨਾਲ ਪਿਆਰ ਕਰਨਾ ਸਿਖਾਵਾਂਗੇ। ਸਾਡੇ ਪਿੰਡਾਂ ਦੀਆਂ ਵੱਟਾਂ, ਸ਼ਹਿਰਾਂ ਦੀਆਂ ਗ੍ਰੀਨ ਬੈਲਟਾਂ, ਸਕੂਲਾਂ ਦੇ ਵਿਹੜੇ, ਸੜਕਾਂ ਦੇ ਕਿਨਾਰੇ ਅਤੇ ਖਾਲੀ ਸਰਕਾਰੀ ਜ਼ਮੀਨਾਂ ਦੁਬਾਰਾ ਹਰਿਆਲੀ ਨਾਲ ਭਰਨੀਆਂ ਚਾਹੀਦੀਆਂ ਹਨ। ਆਉਣ ਵਾਲੀ ਪੀੜ੍ਹੀ ਸਾਨੂੰ ਇਹ ਨਾ ਪੁੱਛੇ ਕਿ ‘ਤੁਸੀਂ ਸਾਡੇ ਲਈ ਕੀ ਛੱਡ ਕੇ ਗਏ?’ ਸਗੋਂ ਉਹ ਮਾਣ ਨਾਲ ਕਹੇ। ‘ਸਾਡੇ ਵੱਡਿਆਂ ਨੇ ਸਾਡੇ ਲਈ ਇੱਕ ਹਰਾ-ਭਰਾ ਪੰਜਾਬ ਛੱਡਿਆ ਹੈ।’
ਦਰੱਖਤ ਲਗਾਉਣਾ ਸਿਰਫ਼ ਵਾਤਾਵਰਨ ਦੀ ਸੇਵਾ ਨਹੀਂ, ਇਹ ਮਨੁੱਖਤਾ ਦੀ ਸੇਵਾ ਹੈ। ਆਓ, ਇੱਕ ਬੂਟਾ ਲਗਾਈਏ, ਇੱਕ ਦਰੱਖਤ ਬਚਾਈਏ ਅਤੇ ਇੱਕ ਹਰਾ ਭਵਿੱਖ ਬਣਾਈਏ।
ਸੰਪਰਕ: 94175-50795
ਪੰਜਾਬੀ ਟ੍ਰਿਬਯੂਨ